ਜਲੰਧਰ: ਲੰਘੀ 15 ਅਕਤੂਬਰ ਨੂੰ ਕਸਬਾ ਆਦਮਪੁਰ ਦੇ ਪਿੰਡ ਕਲਾਰਾਂ ਵਿੱਚ ਹੋਈ ਬੈਂਕ ਲੁੱਟ ਦੇ ਮਾਮਲੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਲੁਟੇਰੇ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ। ਨਾਲ ਹੀ ਲੁੱਟ ਦੀ ਰਕਮ ਵਿੱਚੋਂ 39500 ਰੁਪਏ ਸਮੇਤ ਇੱਕ ਐਕਟਿਵਾ ਬਰਾਮਦ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੀ 15 ਤਰੀਕ ਨੂੰ ਯੂਕੋ ਬੈਂਕ ਵਿੱਚ ਚਾਰ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਲੁੱਟ ਦੌਰਾਨ ਕਥਿਤ ਦੋਸ਼ੀ ਬੈਂਕ ਦੇ ਗਾਰਡ ਦਾ ਕਤਲ ਕਰਕੇ ਫ਼ਰਾਰ ਹੋ ਗਏ ਸਨ।
ਸੋਮਵਾਰ ਨੂੰ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਯੂਕੋ ਬੈਂਕ ਵਿੱਚ ਵੀਰਵਾਰ ਨੂੰ ਹੋਈ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ 72 ਘੰਟਿਆਂ ਦੇ ਅੰਦਰ ਇੱਕ ਮੁਲਜ਼ਮ ਸੁਰਜੀਤ ਸਿੰਘ ਉਰਫ਼ ਜੀਤਾ ਵਾਸੀ ਕਸਬਾ ਅਲਾਵਲਪੁਰ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਥਿਤ ਦੋਸ਼ੀ ਪਹਿਲਾਂ ਡਰਾਈਵਰ ਸੀ ਅਤੇ ਹੁਣ ਢਾਬਾ ਚਲਾ ਰਿਹਾ ਸੀ, ਜਿਸ 'ਤੇ ਪਹਿਲਾਂ ਵੀ ਇੱਕ ਠੱਗੀ ਦਾ ਕੇਸ ਹੈ। ਹੁਣ ਇਹ ਜ਼ਮਾਨਤ 'ਤੇ ਬਾਹਰ ਆਇਆ ਸੀ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਕੀਤੇ ਹਨ। ਜਦਕਿ ਤਿੰਨ ਦੋਸ਼ੀਆਂ ਬਾਕੀ ਆਰੋਪੀ ਸਤਨਾਮ ਸਿੰਘ ਉਰਫ ਸੱਤਾ, ਸੁਖਵਿੰਦਰ ਸਿੰਘ ਉਰਫ਼ ਸੁੱਖਾ, ਗੁਰਵਿੰਦਰ ਸਿੰਘ ਉਰਫ ਗਿੰਦਾ, ਜੋ ਕਿ ਵਾਸੀ ਪਿੰਡ ਅਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ, ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਪੰਜ ਜਣਿਆਂ ਦਾ ਇੱਕ ਗੈਂਗ ਬਣਾ ਰੱਖਿਆ ਸੀ ਅਤੇ ਵੱਖ-ਵੱਖ ਥਾਵਾਂ 'ਤੇ ਲੁੱਟਾਂ-ਖੋਹ ਨੂੰ ਅੰਜਾਮ ਦਿੰਦੇ ਆ ਰਹੇ ਸਨ। ਇਸ ਦੌਰਾਨ ਕਥਿਤ ਦੋਸ਼ੀਆਂ ਨੇ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹਾ ਟਾਂਡਾ ਦੇ ਪੰਜਾਬ ਐਂਡ ਸਿੰਧ ਬੈਂਕ ਅਤੇ ਓਵਰਸੀਜ਼ ਬੈਂਕ ਗਿਲਜੀਆਂ ਵਿੱਚ ਲੁੱਟਾਂ ਨੂੰ ਅੰਜਾਮ ਦਿੱਤਾ ਅਤੇ ਇੱਕ ਮੋਟਰਸਾਈਕਲ ਸਵਾਰ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਿਆ ਸੀ।
ਪੁੱਛਗਿੱਛ ਦੌਰਾਨ ਕਥਿਤ ਦੋਸ਼ੀ ਨੇ ਦੱਸਿਆ ਕਿ ਅੱਗੇ ਵੀ ਇਨ੍ਹਾਂ ਵੱਲੋਂ ਦੋ ਬੈਂਕ ਲੁੱਟਣ ਦੀ ਯੋਜਨਾ ਸੀ, ਜਿਨ੍ਹਾਂ ਦੀ ਮੁਲਜ਼ਮਾਂ ਨੇ ਰੇਕੀ ਵੀ ਕੀਤੀ ਹੋਈ ਸੀ ਅਤੇ ਜੇਕਰ ਇਹ ਸੁਰਜੀਤ ਸਿੰਘ ਨਾ ਫੜਿਆ ਜਾਂਦਾ ਤਾਂ ਇਨ੍ਹਾਂ ਲੁੱਟਾਂ ਨੂੰ ਵੀ ਅੰਜਾਮ ਦਿੱਤਾ ਜਾਣਾ ਸੀ।
ਉਨ੍ਹਾਂ ਦੱਸਿਆ ਕਿ ਲੁਟੇਰਿਆਂ ਵਿੱਚੋਂ 2 ਵਿਅਕਤੀ ਜੇਲ੍ਹ ਵਿੱਚ ਮਿਲੇ ਸਨ। ਗੈਂਗ ਦਾ ਮੇਨ ਸਰਗਨਾ, ਜੋ ਜੇਲ ਵਿੱਚ ਸੀ ਅਤੇ ਉਸ ਉਪਰ 19 ਮੁਕੱਦਮੇ ਕਤਲ ਅਤੇ ਲੁੱਟਾਂ-ਖੋਹਾਂ ਦੇ ਪਹਿਲਾਂ ਹੀ ਦਰਜ ਹਨ। ਇਨ੍ਹਾਂ ਨੂੰ ਜੇਲ੍ਹ ਵਿੱਚ ਹੀ ਇੱਕ ਹੋਰ ਵਿਅਕਤੀ ਮਿਲਿਆ ਸੀ, ਜਿਨ੍ਹਾਂ ਨੇ ਮਿਲ ਕੇ ਸਾਲ ਪਹਿਲਾਂ ਪਲਾਨਿੰਗ ਬਣਾਉਂਦੇ ਹੋਏ ਗੈਂਗ ਬਣਾ ਕੇ ਤਿੰਨ-ਚਾਰ ਮਹੀਨਿਆਂ ਤੋਂ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ।