ਜਲੰਧਰ: ਭਾਰਤੀ ਹਾਕੀ ਟੀਮ ਨੇ ਏਸ਼ੀਆਈ ਖੇਡਾਂ 2023 ਵਿੱਚ ਸੋਨ ਤਮਗਾ ਜਿੱਤਿਆ ਹੈ। ਟੀਮ ਇੰਡੀਆ ਨੇ ਫਾਈਨਲ 'ਚ ਪਿਛਲੀ ਵਾਰ ਦੀ ਏਸ਼ੀਆਈ ਚੈਂਪੀਅਨ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਹਾਕੀ ਟੀਮ ਦੇ ਗੋਲਡ ਮੈਡਲ ਜਿੱਤਣ ਤੋਂ ਬਾਅਦ ਜਲੰਧਰ ਦੇ ਖਿਡਾਰੀ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਦੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ। ਜਿਥੈ ਉਨ੍ਹਾਂ ਵਲੋਂ ਟੀਮ ਦੇ ਗੋਲਡ ਮੈਡਲ ਜਿੱਤਣ 'ਤੇ ਵਧਾਈ ਦਿੱਤੀ ਗਈ ਤਾਂ ਉਥੇ ਹੀ ਸਭ ਦਾ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਹੈ।(Asian Games) (Olympic Games)
ਓਲੰਪਿਕ ਖੇਡਾਂ 'ਚ ਸੋਨ ਤਗਮੇ ਦੀ ਆਸ: ਇਸ ਦੌਰਾਨ ਹਾਕੀ ਖਿਡਾਰੀ ਮਨਪ੍ਰੀਤ ਸਿੰਘ ਦੀ ਮਾਤਾ ਨੇ ਕਿਹਾ ਕਿ ਜਿਸ ਤਰ੍ਹਾਂ ਟੀਮ ਇੰਡੀਆ ਨੇ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਜਿੱਤਿਆ ਹੈ, ਉਸੇ ਤਰ੍ਹਾਂ ਉਹ ਇਹ ਵੀ ਚਾਹੁੰਦੀ ਹੈ ਕਿ ਟੀਮ ਓਲੰਪਿਕ ਖੇਡਾਂ 'ਚ ਵੀ ਸੋਨ ਤਮਗਾ ਜਿੱਤੇ। ਦੂਜੇ ਪਾਸੇ ਕਾਂਗਰਸੀ ਵਿਧਾਇਕ ਅਤੇ ਹਾਕੀ ਟੀਮ ਦੇ ਸਾਬਕਾ ਕੋਚ ਪ੍ਰਗਟ ਸਿੰਘ ਨੇ ਵੀ ਟੀਮ ਨੂੰ ਸੋਨ ਤਗਮਾ ਜਿੱਤਣ 'ਤੇ ਦਿਲੋਂ ਵਧਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਅਤੇ ਉੜੀਸਾ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ।
ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ: ਇਸ ਗੋਲਡ ਮੈਡਲ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ 2024 ਵਿੱਚ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਮੈਚ ਦੀ ਗੱਲ ਕਰੀਏ ਤਾਂ ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਫਿਰ ਦੂਜੇ ਕੁਆਰਟਰ ਵਿੱਚ ਭਾਰਤ ਵੱਲੋਂ ਮੈਚ ਦਾ ਪਹਿਲਾ ਗੋਲ ਮੈਚ ਦੇ 25ਵੇਂ ਮਿੰਟ ਵਿੱਚ ਕੀਤਾ ਗਿਆ। ਮਨਦੀਪ ਸਿੰਘ ਨੇ ਇਹ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤਰ੍ਹਾਂ ਭਾਰਤੀ ਟੀਮ ਨੇ ਮੈਚ ਦੇ ਅੱਧੇ ਸਮੇਂ ਤੱਕ ਬੜ੍ਹਤ ਬਣਾ ਲਈ।
ਮੈਚ ਰਿਹਾ ਰੌਮਾਂਚਕ: ਫਿਰ ਤੀਜੇ ਕੁਆਰਟਰ ਵਿੱਚ ਮੈਚ ਦੇ 32ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੂਜਾ ਗੋਲ ਕਰਕੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ। ਤੀਜੇ ਕੁਆਰਟਰ ਦੀ ਸਮਾਪਤੀ ਤੋਂ ਪਹਿਲਾਂ ਅਮਿਤ ਰੋਹੀਦਾਸ ਨੇ ਭਾਰਤ ਲਈ ਤੀਜਾ ਗੋਲ ਕੀਤਾ। ਇਸ ਤਰ੍ਹਾਂ ਭਾਰਤ ਨੇ ਤੀਜੇ ਕੁਆਰਟਰ ਤੱਕ 3-0 ਨਾਲ ਅੱਗੇ ਹੋ ਕੇ ਆਪਣੀ ਜਿੱਤ ਲਗਭਗ ਪੱਕੀ ਕਰ ਲਈ ਸੀ।
- Cricket World Cup 2023: ਰੋਹਿਤ ਸ਼ਰਮਾ ਦਾ ਬਿਆਨ, ਮੈਚ ਦੇ ਆਖਰੀ ਪਲ ਤੱਕ ਸ਼ੁਭਮਨ ਦੇ ਠੀਕ ਹੋਣ ਦਾ ਕਰਾਂਗੇ ਇੰਤਜ਼ਾਰ
- Asian Games: ਧੀ ਨੇ ਆਪਣੀ ਮਾਂ ਦਾ ਰਿਕਾਰਡ ਤੋੜ ਕੇ ਏਸ਼ੀਆਈ ਖੇਡਾਂ 'ਚ ਜਿੱਤੇ ਦੋ ਚਾਂਦੀ ਦੇ ਮੈਡਲ, ETV ਭਾਰਤ ਨਾਲ ਕੀਤੀ ਫੋਨ 'ਤੇ ਗੱਲ
- Neeraj Chopra Exclusive Interview: ਏਸ਼ੀਆਈ ਖੇਡਾਂ 'ਚ ਗੋਲਡ ਤੋਂ ਬਾਅਦ ਇਕ ਵਾਰ ਫਿਰ ਓਲੰਪਿਕ 'ਚ ਗੋਲਡ 'ਤੇ ਰਹੇਗੀ ਨੀਰਜ ਚੋਪੜਾ ਦੀ ਨਜ਼ਰ
ਇਸ ਤਰ੍ਹਾਂ ਜਿੱਤ ਕੀਤੀ ਦਰਜ: ਚੌਥਾ ਕੁਆਰਟਰ ਸ਼ੁਰੂ ਹੋਣ ਦੇ ਸਿਰਫ਼ ਤਿੰਨ ਮਿੰਟ ਬਾਅਦ ਯਾਨੀ 48ਵੇਂ ਮਿੰਟ 'ਤੇ ਅਭਿਸ਼ੇਕ ਨੇ ਭਾਰਤ ਲਈ ਚੌਥਾ ਗੋਲ ਕੀਤਾ। ਇਸ ਗੋਲ ਨਾਲ ਭਾਰਤ ਨੇ 4-0 ਦੀ ਬੜ੍ਹਤ ਬਣਾ ਲਈ। ਇਸ ਤੋਂ ਠੀਕ ਤਿੰਨ ਮਿੰਟ ਬਾਅਦ ਯਾਨੀ 51ਵੇਂ ਮਿੰਟ 'ਤੇ ਜਾਪਾਨ ਨੇ ਆਪਣਾ ਖਾਤਾ ਖੋਲ੍ਹਿਆ ਅਤੇ ਟੀਮ ਦਾ ਪਹਿਲਾ ਗੋਲ ਕੀਤਾ। ਫਿਰ ਮੈਚ ਖਤਮ ਹੋਣ ਤੋਂ 1 ਮਿੰਟ ਪਹਿਲਾਂ ਭਾਰਤ ਵੱਲੋਂ ਪੰਜਵਾਂ ਗੋਲ ਕੀਤਾ ਗਿਆ। 59ਵੇਂ ਮਿੰਟ 'ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਟੀਮ ਲਈ ਪੰਜਵਾਂ ਗੋਲ ਕਰਕੇ ਭਾਰਤ ਨੂੰ ਜਾਪਾਨ ਖਿਲਾਫ 5-1 ਨਾਲ ਜਿੱਤ ਦਿਵਾਈ।
ਪਰਿਵਾਰਾਂ ਨੂੰ ਬੱਚਿਆਂ 'ਤੇ ਮਾਣ: ਇਸ 'ਤੇ ਮਨਪ੍ਰੀਤ ਸਿੰਘ ਦੀ ਮਾਤਾ ਦਾ ਕਹਿਣਾ ਕਿ ਉਨ੍ਹਾਂ ਨੂੰ ਆਪਣੇ ਪੁੱਤ 'ਤੇ ਪੂਰਾ ਮਾਣ ਹੈ। ਉਨ੍ਹਾਂ ਕਿਹਾ ਕਿ ਪੂਰੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਏਸ਼ੀਅਨ ਖੇਡਾਂ 'ਚ ਸੋਨ ਤਗਮਾ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਦਾ ਕਹਿਣਾ ਕਿ ਪੂਰੀ ਟੀਮ ਵਧਾਈ ਦੀ ਪਾਤਰ ਹੈ ਅਤੇ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ, ਜਿਸ ਦੇ ਚੱਲਦੇ ਉਨ੍ਹਾਂ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਹਾਸਲ ਕੀਤਾ ਹੈ।