ਜਲੰਧਰ: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਾਰੀ ਕੀਤੀ ਗਈ ਲਿਸਟ ਵਿਚ ਭਾਜਪਾ ਵੱਲੋਂ 34 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ 34 ਉਮੀਦਵਾਰਾਂ ਵਿਚੋਂ ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਸੈਂਟਰਲ, ਜਲੰਧਰ ਨੌਰਥ ਅਤੇ ਜਲੰਧਰ ਵੈਸਟ ਵਿੱਚ ਪਹਿਲਾਂ ਵੀ ਚੋਣਾਂ ਲੜ ਚੁੱਕੇ ਵਿਧਾਇਕਾਂ ਉੱਤੇ ਹੀ ਭਰੋਸਾ ਜਤਾਇਆ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਜਲੰਧਰ ਸੈਂਟਰਲ ਹਲਕੇ ਲਈ ਮਨੋਰੰਜਨ ਕਾਲੀਆ ਨੂੰ ਉਮੀਦਵਾਰ ਐਲਾਨਿਆ ਹੈ, ਜਲੰਧਰ ਨੌਰਥ ਲਈ ਕੇ.ਡੀ. ਭੰਡਾਰੀ ਅਤੇ ਜਲੰਧਰ ਵੈਸਟ ਵਿੱਚ ਮੋਹਿੰਦਰ ਭਗਤ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਜਲੰਧਰ ਵਿੱਚ ਭਾਜਪਾ ਦੇ ਤਿੰਨੇ ਉਮੀਦਵਾਰ ਪਿਛਲੀ ਵਾਰ ਵੀ ਲੜ ਚੁੱਕੇ ਹਨ ਚੋਣਾਂ
ਮਨੋਰੰਜਨ ਕਾਲੀਆ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੀਨੀਅਰ ਆਗੂ ਨੇ ਅਤੇ ਇਹ ਪਾਰਟੀ ਵਿਚ ਬਤੌਰ ਪੰਜਾਬ ਪ੍ਰਦੇਸ਼ ਪ੍ਰਧਾਨ ਵੀ ਕੰਮ ਕਰ ਚੁੱਕੇ ਹਨ। ਮਨੋਰੰਜਨ ਕਾਲੀਆ ਅਕਾਲੀ ਦਲ ਭਾਜਪਾ ਸਰਕਾਰ ਵੇਲੇ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਮਨੋਰੰਜਨ ਕਾਲੀਆ ਪੇਸ਼ੇ ਤੋਂ ਵਕੀਲ ਹਨ ਅਤੇ ਉਹ ਨਾਲ ਨਾਲ ਭਾਰਤੀ ਜਨਤਾ ਪਾਰਟੀ ਦੇ ਇਕ ਸੀਨੀਅਰ ਆਗੂ ਵੀ ਹਨ। ਉਹ ਜਲੰਧਰ ਸੈਂਟਰਲ ਦੀ ਸੀਟ ਤੋਂ 1997, 2007 ਅਤੇ 2012 ਦੀਆ ਚੋਣਾਂ ਜਿੱਤ ਕੇ ਵਿਧਾਇਕ ਵੀ ਰਹਿ ਚੁੱਕੇ ਹਨ। ਇਸ ਦੇ ਨਾਲ-ਨਾਲ ਮਨੋਰੰਜਨ ਕਾਲੀਆ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਫਿਲਹਾਲ ਮਨੋਰੰਜਨ ਕਾਲੀਆ ਜੋ ਪਿਛਲੀ ਵਾਰ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਬੇਰੀ ਤੋਂ ਚੋਣਾਂ ਹਾਰ ਗਏ ਸਨ, ਉਨ੍ਹਾਂ ਉੱਪਰ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਵਿਸ਼ਵਾਸ ਜਤਾਉਂਦੇ ਹੋਏ ਆਪਣਾ ਉਮੀਦਵਾਰ ਬਣਾਇਆ ਹੈ ਅਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਰਮਨ ਅਰੋੜਾ ਅਤੇ ਕਾਂਗਰਸ ਦੇ ਉਮੀਦਵਾਰ ਰਾਜਿੰਦਰ ਬੇਰੀ ਨਾਲ ਹੋਵੇਗਾ।
ਜਲੰਧਰ ਨਾਰਥ ਹਲਕੇ ਲਈ ਕ੍ਰਿਸ਼ਨ ਦੇਵ ਭੰਡਾਰੀ ਨੂੰ ਉਤਾਰਿਆ ਮੈਦਾਨ 'ਚ
ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਜਲੰਧਰ ਨਾਰਥ ਹਲਕੇ ਲਈ ਆਪਣੇ ਆਗੂ ਕ੍ਰਿਸ਼ਨ ਦੇਵ ਭੰਡਾਰੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕ੍ਰਿਸ਼ਨ ਦੇਵ ਭੰਡਾਰੀ ਪੇਸ਼ੇ ਤੋਂ ਇਕ ਵਪਾਰੀ ਹਨ ਅਤੇ ਉਹ ਭਾਰਤੀ ਜਨਤਾ ਪਾਰਟੀ ਵੱਲੋਂ 2007 ਅਤੇ 2012 ਦੀਆ ਚੋਣਾਂ ਵਿੱਚ ਵੀ ਉਮੀਦਵਾਰ ਬਣਾਏ ਗਏ ਸਨ। ਇਸ ਦੌਰਾਨ ਕ੍ਰਿਸ਼ਨ ਭੰਡਾਰੀ ਇਹ ਦੋਵੇਂ ਚੋਣਾਂ ਜਿੱਤ ਕੇ ਜਲੰਧਰ ਵੈਸਟ ਹਲਕੇ ਦੇ 2 ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਦੇ ਨਾਲ-ਨਾਲ ਇੱਕ ਵਾਰ ਉਹ ਅਕਾਲੀ ਦਲ ਭਾਜਪਾ ਸਰਕਾਰ ਵਿੱਚ ਬਤੌਰ ਚੀਫ਼ ਪਾਰਲੀਮੈਂਟਰੀ ਸਕੱਤਰ ਵੀ ਕੰਮ ਕਰ ਚੁੱਕੇ ਹਨ। ਭੰਡਾਰੀ ਨੂੰ ਭਾਰਤੀ ਜਨਤਾ ਪਾਰਟੀ ਨੇ 2017 ਵਿੱਚ ਵੀ ਆਪਣਾ ਉਮੀਦਵਾਰ ਬਣਾਇਆ ਸੀ, ਪਰ ਇਨ੍ਹਾਂ ਪਿਛਲੀਆਂ ਚੋਣਾਂ ਵਿੱਚ ਉਹ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਤੋਂ ਚੋਣਾਂ ਹਾਰ ਗਏ। ਫਿਲਹਾਲ, ਭਾਰਤੀ ਜਨਤਾ ਪਾਰਟੀ ਵੱਲੋਂ ਇਹ ਸੀਟ ਉੱਪਰ ਵੀ ਆਪਣੇ ਪੁਰਾਣੇ ਉਮੀਦਵਾਰ ਪੱਛਮੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕ੍ਰਿਸ਼ਨ ਭੰਡਾਰੀ ਉੱਤੇ ਇੱਕ ਵਾਰ ਫਿਰ ਭਰੋਸਾ ਜਤਾਇਆ ਗਿਆ ਹੈ।
ਭਾਰਤੀ ਜਨਤਾ ਪਾਰਟੀ ਵੱਲੋਂ ਮੋਹਿੰਦਰ ਭਗਤ ਨੂੰ ਜਲੰਧਰ ਵੈਸਟ ਤੋਂ ਬਣਾਇਆ ਉਮੀਦਵਾਰ
ਉਧਰ ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਮੋਹਿੰਦਰ ਭਗਤ ਨੂੰ ਜਲੰਧਰ ਵੈਸਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮੋਹਿੰਦਰ ਭਗਤ ਵੀ ਬੀਜੇਪੀ ਦੇ ਇਕ ਸੀਨੀਅਰ ਆਗੂ ਨੇ ਅਤੇ ਅਕਾਲੀ ਦਲ ਭਾਜਪਾ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਭਗਤ ਚੁੰਨੀ ਲਾਲ ਉਸ ਦੇ ਬੇਟੇ ਹਨ। ਮੋਹਿੰਦਰ ਭਗਤ ਜਿਨ੍ਹਾਂ ਦਾ ਜਲੰਧਰ ਵੈਸਟ ਹਲਕੇ ਵਿਚ ਭਾਜਪਾ ਆਗੂ ਦੇ ਤੌਰ 'ਤੇ ਬਹੁਤ ਰਸੂਖ ਹੈ, ਪਰ ਇਹ ਵੀ ਆਪਣੀਆਂ ਪਿਛਲੀਆਂ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੋਂ ਚੋਣਾਂ ਹਾਰ ਚੁੱਕੇ ਹਨ। ਜਲੰਧਰ ਵੈਸਟ ਹਲਕੇ ਵਿਚ ਭਾਰਤੀ ਜਨਤਾ ਪਾਰਟੀ ਦੇ ਹੋਰ ਉਮੀਦਵਾਰਾਂ ਵੱਲੋਂ ਵੀ ਚੋਣਾਂ ਲੜਨ ਦੇ ਕਟਾਸ ਨੂੰ ਦੇਖਦੇ ਹੋਏ ਇਹ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਮੋਹਿੰਦਰ ਭਗਤ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਹਨ, ਪਰ ਮਹਿੰਦਰ ਭਗਤ ਨਾਲ ਭਾਰਤੀ ਜਨਤਾ ਪਾਰਟੀ ਦੇਸ਼ ਦੇ ਆਗੂ ਵੱਲੋਂ ਰਾਬਤਾ ਬਣਾਏ ਜਾਣ ਤੋਂ ਬਾਅਦ ਇਨ੍ਹਾਂ ਅਟਕਲਾਂ 'ਤੇ ਵਿਰਾਮ ਲੱਗ ਗਿਆ। ਫਿਲਹਾਲ ਇੱਕ ਵਾਰ ਫੇਰ ਪਾਰਟੀ ਵੱਲੋਂ ਮੋਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾ ਕੇ ਮੈਦਾਨ ਵਿਚ ਉਤਾਰਿਆ ਗਿਆ ਹੈ।
ਸੋ, ਹੁਣ ਦੇਖਣਾ ਇਹ ਹੋਵੇਗਾ ਕਿ ਬੀਜੇਪੀ ਦੇ ਇਹ 3 ਸਿਪਾਹੀ ਇਸ ਹਾਲਾਤ ਵਿੱਚ ਜਦੋਂ ਆਪਣੇ ਹੀ ਸਾਥੀ ਅਕਾਲੀ ਦਲ ਤੋਂ ਅਲੱਗ ਹੋ ਕੇ ਅਤੇ ਕਿਸਾਨਾਂ ਦੇ ਵਿਰੋਧ ਵਿੱਚ ਆਪਣੀਆਂ ਚੋਣਾਂ ਲੜਨ ਲੱਗੇ ਹਨ, ਤਾਂ ਆਖ਼ਰ ਆਪਣੀਆਂ ਇਹ ਸੀਟਾਂ ਭਾਰਤੀ ਜਨਤਾ ਪਾਰਟੀ ਦੀ ਝੋਲੀ ਵਿੱਚ ਪਾਉਣ ਵਿੱਚ ਕਿੰਨੀ ਕੁ ਸਫ਼ਲ ਰਹੇਗੀ, ਖੈਰ ਤਸਵੀਰ ਚੋਣਾਂ ਦੇ ਨਤੀਜਿਆਂ ਉੱਤੇ ਸਾਫ਼ ਹੋ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਵਿਧਾਨਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਸੂਚੀ