ਜਲੰਧਰ: ਪੰਜਾਬ ਸਮੇਤ ਪੂਰੇ ਭਾਰਤ ਵਿੱਚੋਂ ਜਿੱਥੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਲੀਡਰ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹਦੇ ਨਜ਼ਰ ਆ ਰਹੇ ਹਨ ਉੱਥੇ ਹੀ ਜਲੰਧਰ ਅੰਦਰ ਭਾਜਪਾ ਦੇ ਕਿਲ੍ਹੇ ਵਿੱਚ ਹੀ ਸੰਨ੍ਹਮਾਰੀ ਆਮ ਆਦਮੀ ਪਾਰਟੀ ਨੇ ਕਰ ਦਿੱਤੀ ਹੈ। ਦਰਅਸਲ ਭਾਜਪਾ ਦੇ ਸੀਨੀਅਰ ਲੀਡਰ ਮੋਹਿੰਦਰ ਭਗਤ ਨੇ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਲੜ ਫੜ੍ਹ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਦ ਮੋਹਿੰਦਰ ਭਗਤ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਹੈ। ਇਹ ਦਲ ਬਦਲੀ ਉਦੋਂ ਹੋਈ ਹੈ ਜਦੋਂ ਜਲੰਧਰ ਵਿੱਚ ਜ਼ਿਮਨੀ ਚੋਣ ਦਾ ਅਖਾੜਾ ਭਖਿਆ ਹੋਇਆ ਅਤੇ ਤਮਾਮ ਪਾਰਟੀਆਂ ਆਪਣੀ ਮਜ਼ਬੂਤੀ ਦਾ ਦਾਅਵਾ ਕਰ ਰਹੀਆਂ ਨੇ। ਦੱਸ ਦਈਏ ਮਹਿੰਦਰ ਭਗਤ ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਅਤੇ ਬੁਲਾਰੇ ਸਨ ਅਤੇ ਉਹ ਸਾਲ 2017 ਵਿੱਚ ਜਲੰਧਰ ਪੱਛਮੀ ਹਲਕੇ ਤੋਂ ਵਿਧਾਇਕ ਵੀ ਰਹੇ ਹਨ। ਦੱਸ ਦਈਏ ਮਹਿੰਦਰ ਭਗਤ ਸਾਬਕਾ ਕੈਬਨਿਟ ਮੰਤਰੀ ਚੂਨੀ ਲਾਲ ਦੇ ਪੁੱਤਰ ਹਨ।
ਦਲ ਬਦਲੀਆਂ ਦਾ ਦੌਰ ਜਾਰੀ: ਦੱਸ ਦਈਏ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਆਪਣਾ ਪਾਸਾ ਸੁੱਟ ਕੇ ਵਿਰੋਧੀਆਂ ਨੂੰ ਜਲੰਧਰ ਵਿੱਚ ਹੈਰਾਨ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਨੂੰ ਛੱਡ ਕੇ ਜਲੰਧਰ ਵੈਸਟ ਤੋਂ ਵਿਧਾਇਕ ਰਹੇ ਸੁਸ਼ੀਲ ਕੁਮਾਰ ਰਿੰਕੂ ਆਪ ਦਾ ਪੱਲਾ ਫੜ੍ਹ ਚੁੱਕੇ ਨੇ । ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਨੇ ਜੁਆਇਨ ਕਰਵਾਉਣ ਤੋਂ ਬਾਅਦ ਅਗਲੇ ਦਿਨ ਹੀ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਵੀ ਐਲਾਨ ਦਿੱਤਾ ਸੀ। ਇਸ ਤੋਂ ਬਾਅਦ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਵੀ ਆਮ ਆਦਮੀ ਪਾਰਟੀ ਦੇ ਲਈ ਸੁਰ ਬਦਲੇ ਨਜ਼ਰ ਆਏ ਸਨ। ਰਿੰਕੂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਜਿਸ ਤਰੀਕੇ ਦੇ ਨਾਲ ਵਿਕਾਸ ਦਾ ਕੰਮ ਕੀਤਾ ਜਾ ਰਿਹਾ ਹੈ ਉਸ ਬੇਮਿਸਾਲ ਹੈ। ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਮਹਿਜ਼ ਇੱਕ ਸਾਲ ਦੇ ਵਿੱਚ ਲੋਕਾਂ ਨਾਲ ਕੀਤੇ 70 ਫੀਸਦ ਤੋਂ ਜ਼ਿਆਦਾ ਵਾਅਦਿਆਂ ਨੂੰ ਨੇਪਰੇ ਚਾੜ੍ਹਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਲੱਖਾਂ ਲੋਕਾਂ ਦੀ ਬਿਜਲੀ ਦੇ ਬਿੱਲ ਮੁਆਫ਼ ਕੀਤੇ ਨੇ ਜਿਸ ਤੋਂ ਆਮ ਜਨਤਾ ਖੁਸ਼ ਹੈ।
ਵਿਰੋਧੀਆਂ ਦੇ ਨਿਸ਼ਾਨੇ ਉੱਤੇ 'ਆਪ': ਦੂਜੇ ਪਾਸੇ ਰਿਵਾਇਤੀ ਪਾਰਟੀਆਂ ਹੋਣ ਜਾਂ ਪੰਜਾਬ ਭਾਜਪਾ, ਇਨ੍ਹਾਂ ਸਾਰੀਆਂ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦੀ ਨਿਖੇਧੀ 'ਆਪ' ਸਰਕਾਰ ਵੱਲੋਂ ਕੀਤੀ ਜਾ ਰਹੀ ਸੀ ਅੱਜ ਉਨ੍ਹਾਂ ਨੂੰ ਹੀ ਪਾਰਟੀ ਵਿੱਚ ਸ਼ਾਮਿਲ ਕਰਕੇ ਅਹੁਦਿਆਂ ਨਾਲ ਨਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਇਹ ਸਪੱਸ਼ਟ ਹੈ ਕਿ ਬਹੁਮਤ ਲੈਣ ਵਾਲੀ ਪਾਰਟੀ ਕੋਲ ਜਲੰਧਰ ਵਿੱਚ ਕੋਈ ਵੀ ਯੋਗ ਉਮੀਦਵਾਰ ਜ਼ਿਮਨੀ ਚੋਣ ਲਈ ਨਹੀਂ ਸੀ ਜਿਸ ਕਰਕੇ ਇਹ ਦਾਅ ਖੇਡਿਆ ਗਿਆ।
ਇਹ ਵੀ ਪੜ੍ਹੋ: Charanjit Channi PC: ਪ੍ਰੈਸ ਕਾਨਫਰੰਸ 'ਚ ਭਾਵੁਕ ਹੋ ਕੇ ਰੋਏ ਚਰਨਜੀਤ ਚੰਨੀ, ਦੱਸਿਆ ਜਾਨ ਨੂੰ ਖ਼ਤਰਾ