ਜਲੰਧਰ: ਸੋਢਲ ਚੌਂਕ ਦੇ ਨਜ਼ਦੀਕ ਕੋਟਕ ਮਹਿੰਦਰਾ ਬੈਂਕ ਦੇ ਬਾਹਰ ਇੱਕ ਵਿਅਕਤੀ ਜਗਦੀਸ਼ ਸਿੰਘ ਅਤੇ ਉਸ ਦਾ ਪੁੱਤਰ ਹਰਮਨਪ੍ਰੀਤ ਸਿੰਘ ਅਚਾਨਕ ਬਾਹਰ ਹੰਗਾਮਾ ਕਰਨ ਲੱਗੇ। ਪਿਓ-ਪੁੱਤ ਵੱਲੋਂ ਦੱਸਿਆ ਗਿਆ ਕਿ ਕੋਟਕ ਮਹਿੰਦਰਾ ਬੈਂਕ ਦੇ ਮੈਨੇਜਰ ਆਕਾਸ਼ ਸ਼ਰਮਾ ਵੱਲੋਂ ਇਹਨਾਂ ਦੇ ਬੇਟੇ ਨੂੰ ਕੈਨੇਡਾ ਭੇਜਣ ਦੇ ਲਈ ਆਪਣੇ ਬੈਂਕ ਦੇ ਵਿੱਚ ਖਾਤਾ ਖੁਲ੍ਹਵਾਉਣ ਲਈ ਕਿਹਾ ਗਿਆ । ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਭ ਡਾਕੂਮੈਂਟ ਦੇਕੇ ਖਾਤਾ ਖੁਲ੍ਹਵਾਇਆ ਗਿਆ ਅਤੇ 13 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਨੂੰ ਖਾਤੇ ਵਿੱਚ ਜਮ੍ਹਾ ਕਰਵਾਇਆ ਗਿਆ। ਪੀੜਤਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਬੈਂਕ ਦੇ ਮੈਨੇਜਰ ਨੇ ਹੋਲੀ-ਹੋਲੀ ਖਾਤੇ ਵਿੱਚੋਂ ਪੈਸੇ ਕਢਵਾਉਣੇ ਸ਼ੁਰੂ ਕਰ ਦਿੱਤੇ।
ਫੋਨ ਉੱਤੇ ਧਮਕੀਆਂ: ਪੀੜਤਾਂ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਬੈਂਕ ਮੈਨੇਜਰ ਤੋਂ ਮਾਮਲੇ ਸਬੰਧੀ ਗੰਭੀਰਤਾ ਨਾਲ ਪੁੱਛਗਿੱਛ ਸ਼ੁਰੂ ਕੀਤੀ ਤਾਂ ਵੱਡੀ ਚਲਾਕੀ ਨਾਲ ਬੈਂਕ ਮੈਨੇਜਰ ਨੇ ਆਪਣੀ ਬਦਲੀ ਕਿਤੇ ਹੋਰ ਕਰਵਾ ਲਈ। ਇਸ ਤੋਂ ਬਾਅਦ ਜਦੋਂ ਫਿਰ ਵੀ ਬੈਂਕ ਮੈਨੇਜਰ ਦਾ ਪਿੱਛਾ ਨਹੀਂ ਛੱਡਿਆ ਗਿਆ ਤਾਂ ਬੈਂਕ ਮੈਨੇਜਰ ਨੇ ਉਨ੍ਹਾਂ ਨੂੰ ਫੋਨ ਉੱਤੇ ਧਮਕੀਆਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਅੱਜ ਉਹ ਦੁਖੀ ਹੋਕੇ ਸੋਢਲ ਚੌਂਕ ਨਜ਼ਦੀਕ ਪੇੈਂਦੇ ਮਹਿੰਦਰਾ ਬੈਂਕ ਬਾਹਰ ਪਹੁੰਚੇ ਤਾਂ ਮੈਨੇਜਰ ਨੇ ਉਨ੍ਹਾਂ ਨਾਲ ਦੁਰਵਿਹਾਰ ਕੀਤਾ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਕਰ ਦਿੱਤਾ। ਮਾਮਲੇ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਅੱਠ ਦੀ ਪੁਲਿਸ ਪਾਰਟੀ ਮੌਕੇ ਉੱਤੇ ਪੁੱਜੀ ਅਤੇ ਇਸ ਮਾਮਲੇ ਵਿੱਚ ਦੋਨਾ ਧਿਰਾਂ ਨੂੰ ਜਲੰਧਰ ਦੇ ਥਾਣਾ ਨੰਬਰ-8 ਵਿੱਚ ਬੁਲਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ ਇਸ ਦੇ ਵਿੱਚ ਦੋਸ਼ੀ ਪਾਏ ਜਾਣ ਉੱਤੇ ਮੁਲਜ਼ਮਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਫਰਜ਼ੀ ਏਜੰਟਾਂ ਵੱਲੋਂ ਲਗਾਤਾਰ ਠੱਗੀਆਂ: ਦੱਸ ਦਈਏ ਜਲੰਧਰ ਵਿੱਚ ਅਕਸਰ ਵਿਦੇਸ਼ ਭੇਜਣ ਦੇ ਨਾਂਅ ਉੱਤੇ ਆਏ ਦਿਨ ਨੌਜਵਾਨਾਂ ਨਾਲ ਫਰਜ਼ੀ ਏਜੰਟਾਂ ਵੱਲੋਂ ਲਗਾਤਾਰ ਠੱਗੀਆਂ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਠੱਗੀ ਦੇ ਮਾਮਲਿਆਂ ਉੱਤੇ ਕੰਟਰੋਲ ਕਰਨ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਪੂਰੇ ਤਰੀਕੇ ਨਾਲ ਜੱਦੋ-ਜਹਿਦ ਕਰਨ ਉੱਤੇ ਲੱਗਾ ਹੈ, ਪਰ ਫਿਰ ਵੀ ਮਾਮਲੇ ਉੱਤੇ ਕੰਟਰੋਲ ਕਰਨ ਵਿੱਚ ਸਫ਼ਲ ਨਹੀਂ ਹੋ ਰਿਹਾ। ਅਜਿਹੇ ਵਿੱਚ ਇਹ ਵੀ ਸਾਫ਼ ਨਜ਼ਰ ਆ ਰਿਹਾ ਹੈ ਕਿ ਫਰਜ਼ੀ ਏਜੰਟਾਂ ਦੇ ਮਨ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ ਹੈ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਮਾਮਲੇ ਵਿੱਚ ਪੀੜਤਾਂ ਨੂੰ ਕਦੋਂ ਇਨਸਾਫ਼ ਦਿਵਾਉਂਦੀ ਹੈ।
ਇਹ ਵੀ ਪੜ੍ਹੋ: Congress Samvidhan Bachao March: ਕਾਂਗਰਸੀਆਂ ਦੇ ਸੰਵਿਧਾਨ ਬਚਾਓ ਮਾਰਚ 'ਚ ਸਿੱਧੂ ਗ਼ੈਰਹਾਜ਼ਰ ! ਰਾਜਾ ਵੜਿੰਗ ਨੇ ਦਿੱਤੀ ਸਫਾਈ