ਜਲੰਧਰ: ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਬਜ਼ਾਰਾਂ 'ਚ ਰੌਣਕਾਂ ਲੱਗ ਚੁੱਕੀਆਂ ਹਨ। ਹਰ ਦੁਕਾਨ ਤੇ ਰੇਵੜੀਆਂ, ਗਚਕ ਤੇ ਮੂੰਗਫਲੀ ਦੇ ਢੇਰ ਵੇਖਣ ਨੂੰ ਮਿਲ ਰਹੇ ਹਨ। ਬਾਕੀ ਤਿਉਹਾਰਾਂ ਵਾਂਗ ਲੋਹੜੀ ਦੇ ਤਿਉਹਾਰ ਦੀ ਵੀ ਆਪਣੀ ਵੱਖਰੀ ਮਾਨਤਾ ਹੈ ਪਰ ਇਸ ਦਿਨ ਖਾਸ ਕਰ ਪੰਜਾਬ 'ਚ ਨਵਜੰਮੇ ਬੱਚਿਆਂ ਦੀ ਲੋਹੜੀ ਵੰਡੀ ਜਾਂਦੀ ਹੈ। ਹੁਣ ਤੱਕ ਇਹ ਤਿਉਹਾਰ ਮੁੰਡਿਆਂ ਦੇ ਜਨਮ ਤੇ ਮਨਾਇਆ ਜਾਂਦਾ ਸੀ ਪਰ ਹੁਣ ਇਹ ਕੁੜੀਆਂ ਲਈ ਵੀ ਮਨਾਇਆ ਜਾਣ ਲੱਗਾ ਹੈ। ਸਮਾਜ 'ਚ ਔਰਤਾਂ ਨਾਲ ਭੇਦਭਾਵ ਵਾਲੇ ਰਵੱਈਏ ਨੂੰ ਖਤਮ ਕਰਨ ਲਈ ਵੱਖ-ਵੱਖ ਸੰਸਥਾਵਾਂ ਤੇ ਲੋਕਾਂ ਵੱਲੋਂ ਅਜਿਹੇ ਕਦਮ ਸ਼ਲਾਘਾਯੋਗ ਹਨ।
ਹਾਲਾਂਕਿ ਪਹਿਲਾਂ ਰਿਵਾਜ਼ ਹੁੰਦੇ ਸੀ ਵੇਹੜਿਆਂ ਤੇ ਗਲੀਆਂ 'ਚ ਲੋਹੜੀ ਮਨਾਉਣ ਦੇ ਪਰ ਅੱਜ ਕੱਲ੍ਹ ਹੋਟਲਾਂ ਚ ਲੋਹੜੀ ਮਨਾਈ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਕੁੜੀਆਂ ਦੀ ਲੋਹੜੀ ਮਨਾਉਣ ਲਈ ਵੀ ਹੋਟਲ ਬੁੱਕ ਕੀਤੇ ਜਾ ਰਹੇ ਹਨ। ਜਲੰਧਰ ਦੇ ਹੋਟਲਾਂ 'ਚ ਕੁੜੀਆਂ ਦੀ ਲੋਹੜੀ ਲਈ ਕਾਫ਼ੀ ਸਾਰੀਆਂ ਬੂਕਿੰਗਾਂ ਹੋਈਆਂ ਹਨ।
ਇਸ ਤੋਂ ਇਲਾਵਾ ਲੋਹੜੀ ਨੂੰ ਲੈ ਕੇ ਹੋਟਲਾਂ 'ਚ ਖਾਸ ਪ੍ਰਕਾਰ ਦੇ ਪਕਵਾਨ ਬਣਾਏ ਜਾ ਰਹੇ ਹਨ। ਆਮ ਲੋਕਾਂ ਦੇ ਨਾਲ-ਨਾਲ ਹੋਟਲ ਮਾਲਿਕ ਵੀ ਖੁਸ਼ ਨਜ਼ਰ ਆ ਰਹੇ ਹਨ। ਕੁੜੀਆਂ ਦੀ ਲੋਹੜੀ ਦੀ ਬੂਕਿੰਗ ਹੋਣ ਕਾਰਨ ਉਨ੍ਹਾਂ ਦੀ ਆਮਦਨੀ 'ਚ ਵੀ ਵਾਧਾ ਹੋ ਰਿਹਾ ਹੈ।