ਚੰਡੀਗੜ੍ਹ ਡੈਸਕ : ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਭਾਵੇਂ ਹੀ ਕਾਨੂੰਨ ਪ੍ਰਬੰਧ ਸਹੀ ਹੋਣ ਦੇ ਸੋਹਲੇ ਗਾਏ ਜਾਂਦੇ ਨੇ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਪੰਜਾਬ ਦੇ ਕਾਨੂੰਨ ਪ੍ਰਬੰਧ ਮੰਤਰੀਆਂ ਦੇ ਬਿਆਨਾਂ ਵਿੱਚ ਵੀ ਸੁਣਨ ਨੂੰ ਮਿਲਦੇ ਹਨ, ਪਰ ਜ਼ਮੀਨ ਉਤੇ ਹਾਲਾਤ ਕੁਝ ਹੋਰ ਨੇ। ਫਿਰ ਭਾਵੇਂ ਉਹ ਨਸ਼ੇ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀ ਗੱਲ ਹੋਵੇ ਜਾਂ ਫਿਰ ਦਿਨ ਪ੍ਰਤੀ ਦਿਨ ਵਧ ਰਹੀ ਗੁੰਡਾਗਰਦੀ ਦੀ।
ਸਰਕਾਰ ਦੇ ਦਾਅਵੇ ਖੋਖਲੇ ਕਰਦਾ ਇਕ ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿਥੇ 12 ਦੇ ਕਰੀਬ ਹਮਲਾਵਰਾਂ ਵੱਲੋਂ ਤੇ ਮੰਗਲਵਾਰ ਦੇਰ ਰਾਤ ਜਲੰਧਰ ਦੇ ਸੂਰਿਆ ਐਨਕਲੇਵ ਦੇ ਗੇਟ ਦੇ ਬਾਹਰ ਹਮਲਾਵਰਾਂ ਨੇ ਸੂਰਿਆ ਐਨਕਲੇਵ ਦੇ ਰਹਿਣ ਵਾਲੇ ਸ਼ਿਵਮ ਭੋਗਲ ਨਾਮਕ ਨੌਜਵਾਨ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੁੱਸਾਏ ਹਮਲਾਵਰਾਂ ਨੇ ਨੌਜਵਾਨ ਦਾ ਪਹਿਲਾਂ ਹੱਥ ਵੱਢਿਆ, ਫਿਰ ਵੀ ਜੀਅ ਨਾ ਭਰਿਆ ਤਾਂ ਉਸ ਦੀਆਂ ਅੱਖਾਂ ਨੋਚ ਦਿੱਤੀਆਂ। ਜਿਵੇਂ ਹੀ ਲੋਕ ਇਕੱਠੇ ਹੋ ਗਏ ਤਾਂ ਹਮਲਾਵਰ ਉਥੋਂ ਭੱਜ ਗਏ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ। ਲੋਕ ਉਸ ਦਾ ਅੱਧਾ ਕੱਟਿਆ ਹੋਇਆ ਹੱਥ ਵੀ ਲਿਫਾਫੇ 'ਚ ਲੈ ਕੇ ਹਸਪਤਾਲ ਪਹੁੰਚੇ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਸਰਕਾਰੀ ਮੈਡੀਲਕਲ ਕਾਲਜ ਵਿੱਚ ਰੈਫਰ ਕਰ ਦਿੱਤਾ। ਘਟਨਾ ਰਾਤ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ।
ਪਹਿਲਾਂ ਵੱਢਿਆ ਹੱਥ ਫਿਰ ਨੋਚੀਆਂ ਅੱਖਾਂ : ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਮੰਗਲਵਾਰ ਦੇਰ ਰਾਤ ਬਾਈਕ 'ਤੇ ਜਾ ਰਿਹਾ ਸੀ। ਜਦੋਂ ਉਹ ਸੂਰਿਆ ਐਨਕਲੇਵ ਨੇੜੇ ਪੁੱਜਾ ਤਾਂ ਉਸ ’ਤੇ ਦਰਜਨ ਦੇ ਕਰੀਬ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਦਾ ਹੱਥ ਵੱਢ ਦਿੱਤਾ ਅਤੇ ਉਸ ਦੀਆਂ ਅੱਖਾਂ ਵੀ ਨੋਚ ਦਿੱਤੀਆਂ। ਨੌਜਵਾਨਾਂ ਦੀਆਂ ਚੀਕਾਂ ਸੁਣ ਕੇ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੂੰ ਘਟਨਾ ਸਬੰਧੀ ਨਹੀਂ ਕੋਈ ਵੀ ਜਾਣਕਾਰੀ: ਹੈਰਾਨੀ ਦੀ ਗੱਲ ਇਹ ਹੈ ਕਿ ਰਾਮਾਮੰਡੀ ਥਾਣੇ ਵਿੱਚ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਡਿਊਟੀ ਅਫਸਰ ਰੂਪ ਲਾਲ ਨੇ ਦੱਸਿਆ ਕਿ ਸਾਨੂੰ ਕਿਸੇ ਵੀ ਹਸਪਤਾਲ ਵੱਲੋਂ ਸੂਚਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੇ ਕੋਈ ਸ਼ਿਕਾਇਤ ਦਿੱਤੀ ਗਈ ਹੈ। ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਭੇਜਿਆ ਗਿਆ, ਪਰ ਉੱਥੇ ਕੋਈ ਨਹੀਂ ਮਿਲਿਆ। ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ।
ਸਿਵਲ ਹਸਪਤਾਲ ਤੋਂ ਕਟਵਾਈ ਐਮਐਲਆਰ : ਸਿਵਲ ਹਸਪਤਾਲ 'ਚ ਡਿਊਟੀ 'ਤੇ ਮੌਜੂਦ ਡਾਕਟਰ ਮਯੰਕ ਅਰੋੜਾ ਨੇ ਦੱਸਿਆ ਕਿ ਸੂਰਿਆ ਐਨਕਲੇਵ ਦਾ ਰਹਿਣ ਵਾਲਾ ਸ਼ਿਵਮ ਭੋਗਲ ਨਾਂ ਦਾ ਵਿਅਕਤੀ ਜ਼ਖਮੀ ਹਾਲਤ 'ਚ ਰਾਤ ਨੂੰ ਪਹੁੰਚਿਆ ਸੀ। ਉਸ ਦਾ ਹੱਥ ਪਾਸੇ ਤੋਂ ਵੱਢਿਆ ਹੋਇਆ ਸੀ। ਡਾਕਟਰਾਂ ਵੱਲੋਂ ਜ਼ਖ਼ਮੀ ਦੇ ਪੱਟੀ ਕੀਤੀ ਗਈ ਸੀ ਅਤੇ ਐਮਐਲਆਰ ਕੱਟ ਦਿੱਤਾ ਗਿਆ ਸੀ। ਸੱਟ ਜ਼ਿਆਦਾ ਹੋਣ ਕਾਰਨ ਉਸ ਨੂੰ ਦੇਰ ਰਾਤ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਸੀ, ਪਰ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਲਿਜਾਣ ਲਈ ਕਿਹਾ ਅਤੇ ਉਥੋਂ ਲੈ ਗਏ।