ਜਲੰਧਰ: ਪੰਜਾਬ ਵਿੱਚ ਬਿਜਲੀ ਮਹਿਕਮੇ ਦੇ ਕਾਰਨਾਮੇ ਨਿੱਤ ਸਾਹਮਣੇ ਆਉਂਦੇ ਰਹਿੰਦੇ ਹਨ। ਇੱਕ ਅਜਿਹਾ ਹੀ ਨਵਾਂ ਕਾਰਨਾਮਾ ਪਿੰਡ ਫਿਰੋਜ ਵਿੱਚ ਦੇਖਣ ਨੂੰ ਮਿਲਿਆ। ਸਰਕਾਰ ਵੱਲੋਂ ਜਿਨ੍ਹਾਂ ਲੋਕਾਂ ਨੂੰ ਕੋਰੋਨਾ ਦੇ ਚੱਲਦੇ ਸਹੂਲਤਾਂ ਦੇਣੀਆਂ ਚਾਹੀਦੀਆਂ ਸਨ। ਉਨ੍ਹਾਂ ਨੂੰ ਬਿਜਲੀ ਬੋਰਡ ਲੱਖਾਂ ਦੇ ਬਿੱਲ ਭੇਜ ਰਿਹਾ ਹੈ।
ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਵਿੱਚ ਪੱਖਾ ਤੇ ਬਲੱਬ ਲਗੇ ਹਨ ਪਰ ਬਿਜਲੀ ਵਿਭਾਗ ਨੇ 40,000 ਹਜਾਰ ਤੋਂ ਲੈ ਕੇ 97,000 ਹਜਾਰ ਤੱਕ ਦੇ ਬਿੱਲ ਉਨ੍ਹਾਂ ਨੂੰ ਭੇਜੇ ਹਨ। ਇੱਕ ਮਹਿਲਾ ਨੇ ਦੱਸਿਆ ਘਰ ਵਿੱਚ ਦੋ ਬਲੱਬ ਤੇ ਇੱਕ ਪੱਖੇ ਦਾ ਬਿੱਲ ਉਨ੍ਹਾਂ ਨੂੰ 84,600 ਰੁਪਏ ਆਇਆ ਹੈ।
ਪਿੰਡ ਦੀਆਂ ਔਰਤਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਇੱਕ, ਦੋ ਬਲੱਬ ਜਾਂ ਬਿਜਲੀ ਦਾ ਪੱਖਾ ਚਲਦਾ ਹੈ। ਇਸਦੇ ਬਾਵਜੂਦ ਪਹਿਲੀ ਵਾਰ 40 ਹਜਾਰ ਤੋਂ ਲੈ ਕੇ 80 ਹਜ਼ਾਰ ਤੋਂ ਉੱਪਰ ਬਿੱਲ ਆਏ ਹਨ। ਹੁਣ ਇਹ ਲੋਕ ਸਰਕਾਰ ਅੱਗੇ ਗੁਹਾਰ ਲੱਗਾ ਰਹੇ ਨੇ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਨ੍ਹਾਂ ਵਿੱਚੋਂ ਬਹੁਤ ਸਾਰੇ ਘਰ ਅਜਿਹੇ ਵੀ ਹਨ, ਜਿਨ੍ਹਾਂ ਦੇ ਕਨੈਕਸ਼ਨ ਵੀ ਬਿਜਲੀ ਮਹਿਕਮੇ ਵੱਲੋਂ ਕੱਟ ਦਿੱਤੇ ਗਏ ਹਨ। ਔਰਤਾਂ ਨੇ ਕਿਹਾ ਕਿ ਬਿਜਲੀ ਮਹਿਕਮਾ ਸੁਣਵਾਈ ਨਹੀਂ ਕਰ ਰਿਹਾ ਹੈ।