ਜਲੰਧਰ: ਸ਼ਹਿਰ ਦੇ ਰਤਨ ਹਸਪਤਾਲ ਵਿੱਚ ਬੁੱਧਵਾਰ ਉਦੋਂ ਹੰਗਾਮਾ ਹੋ ਗਿਆ, ਜਦੋਂ ਇੱਕ ਪ੍ਰਾਈਵੇਟ ਡਿਟੈਕਟਿਵ ਏਜੰਸੀ ਦੀ ਟੀਮ ਵੱਲੋਂ ਫ਼ਰਜ਼ੀ ਮਰੀਜ਼ ਭੇਜ ਕੇ ਹਸਪਤਾਲ ਵਿੱਚ ਲਿੰਗ ਨਿਰਧਾਰਨ ਟੈਸਟ ਕੀਤੇ ਜਾਣ ਦਾ ਭਾਂਡਾ ਭੰਨਿਆ ਗਿਆ। ਸਟਿੰਗ ਅਪ੍ਰੇਸ਼ਨ ਤਹਿਤ ਏਜੰਸੀ ਵੱਲੋਂ ਫ਼ਰਜ਼ੀ ਮਰੀਜ਼ ਭੇਜੀ ਗਈ ਸੀ, ਜਿਸ ਦਾ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਨੇ 25000 ਰੁਪਏ ਲੈ ਕੇ ਲਿੰਗ ਨਿਰਧਾਰਤ ਟੈਸਟ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਕੇਂਦਰ ਨੂੰ ਸੀਲ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।
ਇਸ ਮੌਕੇ ਪ੍ਰਾਈਵੇਟ ਡਿਟੈਕਟਿਵ ਏਜੰਸੀ ਦੇ ਮੈਂਬਰ ਵਿਸ਼ਾਲ ਪੁਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਰੇਡ ਆਪਣੇ ਮਹਿਕਮੇ ਵੱਲੋਂ ਆਪਣੇ ਪੱਧਰ 'ਤੇ ਕੀਤੀ ਗਈ ਹੈ। ਪਹਿਲਾਂ ਯੋਜਨਾ ਤਹਿਤ ਉਨ੍ਹਾਂ ਨੇ ਇੱਕ ਔਰਤ ਨਾਲ ਸੰਪਰਕ ਕਰਕੇ ਉਨ੍ਹਾਂ ਨਾਲ ਕੰਮ ਕਰਨ ਲਈ ਕਿਹਾ। ਇਸ ਪਿੱਛੋਂ ਉਨ੍ਹਾਂ ਨੇ ਰਤਨ ਹਸਪਤਾਲ ਵਿੱਚ ਇਸ ਔਰਤ ਫ਼ਰਜ਼ੀ ਮਰੀਜ਼ 25000 ਰੁਪਏ ਦੇ ਕੇ ਇੱਕ ਹੋਰ ਫ਼ੀਲਡ ਵਰਕਰ ਨਾਲ ਭੇਜਿਆ ਸੀ। ਹਸਪਤਾਲ ਵਿੱਚ ਡਾਕਟਰਾਂ ਨੇ ਫ਼ਰਜ਼ੀ ਮਰੀਜ਼ ਗਰਭਵਤੀ ਔਰਤ ਨਾਲ ਲਿੰਗ ਨਿਰਧਾਰਨ ਟੈਸਟ ਲਈ 25000 ਰੁਪਏ ਲਏ ਅਤੇ ਟੈਸਟ ਕਰ ਦਿੱਤਾ, ਜਿਸ ਵਿੱਚ ਕੁੜੀ ਆਈ।
ਹਸਪਤਾਲ ਵੱਲੋਂ ਲਿੰਗ ਨਿਰਧਾਰਤ ਟੈਸਟ ਕਰਨ ਨੂੰ ਲੈ ਕੇ ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਨੇ ਉਨ੍ਹਾਂ ਦੀ ਟੀਮ ਨਾਲ ਹੱਥੋਪਾਈ ਕਰਦੇ ਹੋਏ ਕੁੱਟਮਾਰ ਕੀਤੀ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲੰਧਰ ਦੀ ਸਿਵਲ ਸਰਜਨ ਨੂੰ ਸ਼ਿਕਾਇਤ ਦੇ ਕੇ ਡਾਕਟਰ ਅਤੇ ਸਟਾਫ਼ ਵਿਰੁੱਧ ਮਾਮਲਾ ਦਰਜ ਕਰਵਾਇਆ ਗਿਆ ਹੈ।
ਉਧਰ, ਥਾਣਾ 4 ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਸਿਵਲ ਸਰਜਨ ਦੀ ਸ਼ਿਕਾਇਤ 'ਤੇ ਡਾ: ਬਲਰਾਜ ਗੁਪਤਾ ਅਤੇ ਸਟਾਫ਼ ਮੈਂਬਰ ਪੂਨਮ ਵਿਰੁੱਧ ਲਿੰਗ ਨਿਰਧਾਰਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਅਜੇ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਪਰ ਉਨ੍ਹਾਂ ਦੇ ਕੇਂਦਰ ਨੂੰ ਸੀਲ ਕਰ ਦਿੱਤਾ ਗਿਆ ਹੈ। ਅੱਗੇ ਦੀ ਕਾਰਵਾਈ ਚਲ ਰਹੀ ਹੈ।