ਜਲੰਧਰ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਦੀਆਂ ਤਾਜ਼ਾ ਤਸਵੀਰਾਂ ਫਗਵਾੜਾ (Phagwara) ਤੋਂ ਸਾਹਮਣੇ ਆਈਆਂ ਹਨ। ਜਿੱਥੇ 4 ਲੁਟੇਰਿਆਂ ਨੇ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾਂ ਬਣਾਇਆ ਹੈ। ਜਿੱਥੇ ਇਨ੍ਹਾਂ ਲੁਟੇਰਿਆਂ ਨੇ 10 ਹਜ਼ਾਰ ਦੀ ਕਰੀਬ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਗਹਾਕ ਬਣਕੇ ਦੁਕਾਨ ਵਿੱਚ ਆਏ ਇਨ੍ਹਾਂ ਲੁਟੇਰਿਆਂ ਨੇ ਉਸ ਤੋਂ ਪਿਸਤੌਲ ਦੀ ਨੋਕ ‘ਤੇ 10 ਹਜ਼ਾਰ ਦੇ ਕਰੀਬ ਦੀ ਲੁੱਟ ਕੀਤੀ ਹੈ। ਇਸ ਵਾਰਦਾਤ ਦੌਰਾਨ ਦੁਕਾਨਦਾਰ ਨੂੰ ਵੀ ਲੁਟੇਰਿਆਂ ਨੇ ਜ਼ਖ਼ਮੀ (Injured) ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਚਾਰ ਲੁਟੇਰੇ 2 ਮੋਟਰਸਾਈਕਲਾਂ ‘ਤੇ ਆਏ ਸਨ, ਪਰ ਜਦੋਂ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋਣ ਲੱਗੇ ਤਾਂ ਉਨ੍ਹਾਂ ਵਿੱਚ ਇੱਕ ਲੁਟੇਰੇ ਨੂੰ ਉਨ੍ਹਾਂ ਵੱਲੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਮੁਲਜ਼ਮ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਿਹਾ, ਪਰ ਮੁਲਜ਼ਮ ਮੌਕੇ ‘ਤੇ ਆਪਣਾ ਮੋਟਰਸਾਈਕਲ ਛੱਡ ਗਿਆ। ਜਿਸ ਤੋਂ ਬਾਅਦ ਪੀੜਤ ਦੁਕਾਨਦਾਰ ਨੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਘਟਨਾ ਬਾਰੇ ਪੁਲਿਸ ਨੂੰ ਸੂਚਤ ਕਰ ਦਿੱਤਾ।
ਇਸ ਮੌਕੇ ਪੀੜਤ ਦੁਕਾਨਦਾਰ ਵੱਲੋਂ ਪੁਲਿਸ ‘ਤੇ ਸਮੇਂ ਸਿਰ ਨਾ ਪਹੁੰਚਣ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਪੁਲਿਸ ਚੌਂਕੀ ਸਿਰਫ਼ 300 ਮੀਟਰ ਦੂਰ ਹੈ, ਪਰ ਫਿਰ ਵੀ ਪੁਲਿਸ ਉਨ੍ਹਾਂ ਦੇ ਫੋਨ ਕਰਨ ਦੇ ਬਾਅਦ ਸਮੇਂ ਸਿਰ ਨਹੀਂ ਪਹੁੰਚ ਸਕੀ। ਉਨ੍ਹਾਂ ਕਿਹਾ ਕਿ ਇਸ ਰੋਡ ‘ਤੇ ਕਿਸੇ ਦੁਕਾਨਦਾਰ ਨਾਲ ਲੁੱਟ ਦੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਹੈ, ਸਗੋ ਪਹਿਲਾਂ ਵੀ ਇਸੇ ਮਾਰਕੀਟ ਵਿੱਚ ਲੁਟੇਰਿਆਂ ਨੇ 2-3 ਦੁਕਾਨਾਂ ਤੋਂ ਲੁੱਟ ਕੀਤੀ ਹੈ, ਪਰ ਅਫਸੋਸ ਪੁਲਿਸ ਹੁਣ ਤੱਕ ਉਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦੇਰੀ ਨਾਲ ਪਹੁੰਚੇ ਡੀ.ਐੱਸ.ਪੀ. ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਾਡੇ ਪੀਸੀਆਰ ਵਾਲੇ ਮੁਲਾਜ਼ਮ ਪਹੁੰਚ ਗਏ ਹਨ, ਪਰ ਜਦੋਂ ਉਨ੍ਹਾਂ ਨੂੰ ਲਗਾਤਾਰ ਵੱਧ ਰਹੀਆਂ ਘਟਨਾਵਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਵੱਲੋਂ ਗੋਲ-ਮੋਲ ਜਵਾਬ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵਾਂਗੇ।
ਇਹ ਵੀ ਪੜ੍ਹੋ: ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਦੇ ਖੇਤਾਂ ’ਤੋ ਮਿਲਿਆ ਡਰੋਨ