ਜਲੰਧਰ: ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੀ ਟਰੈਕਟਰ ਮਾਰਚ ਦੌਰਾਨ ਦਿੱਲੀ ਵਿੱਚ ਹਿੰਸਾ ਹੋਈ, ਜਿਸ ਨੇ ਦਿੱਲੀ ਵਿੱਚ ਤਣਾਅਪੂਰਨ ਸਥਿਤੀ ਬਣਾ ਦਿੱਤੀ ਹੈ। ਹਿੰਸਾ ਤੋਂ ਬਾਅਦ ਅੱਜ ਕਿਸਾਨਾਂ ਨੇ ਦਿੱਲੀ ਹਿੰਸਾ ਉੱਤੇ ਪ੍ਰਤੀਕਿਰਿਆ ਦਿੱਤੀ। ਈਟੀਵੀ ਭਾਰਤ ਨੇ ਜਲੰਧਰ ਦੇ ਕਿਸਾਨਾਂ ਨਾਲ ਦਿੱਲੀ ਵਿੱਚ ਹੋਈ ਹਿੰਸਾ ਉੱਤੇ ਖ਼ਾਸ ਗੱਲਬਾਤ ਕੀਤੀ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਪਿਛਲੇ ਲੰਬੇ ਸਮੇਂ ਤੋਂ ਸ਼ਾਤਮਈ ਚੱਲ ਰਿਹਾ, ਜਿਸ ਨੂੰ ਸਰਕਾਰ ਖ਼ਰਾਬ ਕਰਨਾ ਚਾਹੁੰਦੀ ਸੀ।
ਅੰਦੋਲਨ ਨੂੰ ਖ਼ਰਾਬ ਕਰਨ ਦੀ ਸਾਜਿਸ਼
ਕੱਲ ਜੋ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਹੋਇਆ ਹੈ ਉਹ ਬਹੁਤ ਹੀ ਮੰਦਭਾਗਾ ਸੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਜੋ ਭੰਨਤੋੜ ਹੋਈ ਹੈ ਅਤੇ ਲਾਲ ਕਿਲ੍ਹੇ ਉੱਤੇ ਕਿਸਾਨੀ ਅਤੇ ਖਾਲਸਾ ਦਾ ਝੰਡਾ ਲਹਿਰਾਇਆ ਗਿਆ ਹੈ ਇਹ ਭਾਰਤ ਸਰਕਾਰ ਨੇ ਆਪਣੇ ਹੀ ਵਿਅਕਤੀਆਂ ਨੂੰ ਭੇਜ ਕੇ ਕੀਤਾ ਹੈ। ਇਹ ਸਰਕਾਰ ਦੀਆਂ ਏਜੰਸੀਆਂ ਦਾ ਹੀ ਕੰਮ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦਾ ਕੋਈ ਹੱਥ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੇ ਹਿੰਸਾ ਹੀ ਕਰਨੀ ਸੀ ਤਾਂ ਉਹ ਪਿਛਲੇ ਦੋ ਮਹੀਨਿਆਂ ਤੋਂ ਇੰਨ੍ਹੀ ਸ਼ਾਤੀ ਨਾਲ ਅੰਦੋਲਨ ਨਾ ਕਰਦੇ। ਅਜੇ ਤੱਕ ਅਜਿਹੀ ਕੋਈ ਗੱਲਬਾਤ ਨਹੀਂ ਹੋਈ। ਇਹ ਸਰਕਾਰ ਦੀ ਕੋਈ ਚਾਲ ਹੈ।
ਕਿਸਾਨਾਂ ਨੇ ਦੀਪ ਸਿੱਧੂ ਨੂੰ ਦੱਸਿਆ ਸਰਕਾਰ ਦਾ ਬੰਦਾ
ਕਿਸਾਨਾਂ ਨੇ ਕਿਹਾ ਕਿ ਦੀਪ ਸਿੱਧੂ ਭਾਜਪਾ ਦਾ ਬੰਦਾ ਹੈ ਤੇ ਉਸ ਨੇ ਹੀ ਕੱਲ ਦਿੱਲੀ ਵਿੱਚ ਹਿੰਸਾ ਕਰਵਾਈ ਹੈ ਉਹ ਵੀ ਸਰਕਾਰ ਦੇ ਆਦੇਸ਼ ਉੱਤੇ। ਉਨ੍ਹਾਂ ਕਿਹਾ ਕਿ ਕੱਲ੍ਹ ਜਦੋਂ ਉਨ੍ਹਾਂ ਦਾ ਟਰੈਕਟਰ ਮਾਰਚ ਬਿਲਕੁਲ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਸੀ ਤਾਂ ਕੁਝ ਸ਼ਰਾਰਤੀ ਤੱਤਾਂ ਨੇ ਉਸ ਵਿੱਚ ਖਲਲ ਪਾ ਕੇ ਉਸ ਨੂੰ ਖ਼ਰਾਬ ਕਰਨ ਅਤੇ ਦਿੱਲੀ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ।