ਜਲੰਧਰ: ਕਸਬਾ ਫਿਲੌਰ ਦੇ ਪਿੰਡ ਮੋ ਸਾਹਿਬ ਵਿੱਚ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਹੀ ਘਰ ਵਿੱਚ ਫਾਹਾ ਲਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਤਰਲੋਚਨ ਸਿੰਘ ਪੁੱਤਰ ਜਸਵੰਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਰਲੋਚਨ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਕਿ ਉਨ੍ਹਾਂ ਪੁੱਤਰ ਖੇਤੀਬੀੜੀ ਦਾ ਕੰਮ ਕਰਦਾ ਸੀ ਅਤੇ ਸਾਰਾ ਹਿਸਾਬ ਉਹੀ ਰੱਖਦਾ ਸੀ।
ਦੂਜੇ ਪਾਸੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਕੁਲਜੀਤ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ 'ਤੇ ਵਧੇਰਾ ਕਰਜ਼ਾ ਚੜ੍ਹਿਆ ਹੋਇਆ ਸੀ ਅਤੇ ਉਸ ਨੂੰ ਲੋਕ ਤੰਗ ਪਰੇਸ਼ਾਨ ਕਰਦੇ ਸਨ। ਕੁਲਜੀਤ ਨੇ ਦੱਸਿਆ ਕਿ ਤਰਲੋਚਨ ਉਸ ਨੂੰ ਹਮੇਸ਼ਾ ਕਹਿੰਦਾ ਸੀ ਕਿ ਉਸ ਨੂੰ ਝੋਨਾ ਵੱਢਣ ਦਾ ਜੀ ਨਹੀਂ ਕਰਦਾ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਸਿਰ 'ਤੇ 20-25 ਲੱਖ ਰੁਪਏ ਦਾ ਕਰਜ਼ ਸੀ।
ਮਾਮਲੇ ਦੀ ਪੜਤਾਲ ਕਰ ਰਹੇ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਤੇ ਪਰਿਵਾਰ ਮੈਂਬਰ ਦੇ ਬਿਆਨ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਰਜ਼ੇ ਕਾਰਨ ਪੰਜਾਬ ਦੇ ਕਿਸਾਨਾਂ ਦਾ ਮੌਤ ਦੀ ਭੇਂਟ ਚੜ੍ਹ ਜਾਣਾ ਇੱਕ ਆਮ ਜਿਹਾ ਮਸਲਾ। ਸਿਆਸੀ ਪਾਰਟੀਆਂ ਇਸ ਨੂੰ ਆਪਣੇ ਚੋਣ ਮੈਨੀਫੈਸਟੋ ਦਾ ਹਿੱਸਾ ਤਾਂ ਬਣਾਉਂਦੀਆਂ ਹਨ ਪਰ ਵੋਟਾਂ ਹੋ ਜਾਣ ਤੋਂ ਬਾਅਦ ਕਿਸਾਨੀ ਦੇ ਮੁੱਦੇ ਨੂੰ ਭੁੱਲ ਜਾਂਦੀਆਂ ਹਨ।
ਲੋੜ ਹੈ ਕਿ ਸਰਕਾਰਾਂ ਅੰਨਦਾਤਾਵਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਤਾਂ ਜੋ ਸਾਡੇ ਕਿਸਨਾ ਦਰ ਦਰ ਭਟਕਣ ਲਈ ਮਜ਼ਬੂਰ ਨਾ ਹੋਣ ਅਤੇ ਆਪਣੀ ਜੀਵਨ ਲੀਲਾ ਖ਼ਤਮ ਨਾ ਕਰਨ।