ਜਲੰਧਰ: ਪੰਜਾਬ ਨੂੰ ਪੂਰੇ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ ਪਰ ਇਨ੍ਹਾਂ ਵਿੱਚੋਂ ਕੁੱਝ ਕਿਸਾਨ ਖੁਦਕੁਸ਼ੀ ਦੇ ਰਾਹ ਤੁਰ ਪਏ ਹਨ ਜਿਨ੍ਹਾਂ ਵਿੱਚੋਂ ਕਈ ਕਿਸਾਨਾਂ ਦੇ ਘਰ ਕੋਈ ਕਮਾਉਣ ਵਾਲਾ ਜੀਅ ਵੀ ਨਹੀਂ ਰਿਹਾ।
ਦੂਜੇ ਪਾਸੇ ਕਈ ਕਿਸਾਨ ਅਜਿਹੇ ਹਨ ਜੋ ਜ਼ਮੀਨ ਦਾ ਛੋਟਾ ਟੁਕੜਾ ਹੋਣ ਦੇ ਬਾਵਜੂਦ ਵੀ ਆਪਣਾ ਪਰਿਵਾਰ ਖੁਸ਼ਹਾਲੀ ਨਾਲ ਪਾਲ ਰਹੇ ਹਨ। ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਜਿਉਂਦੇ ਨੇ ਅਣਖ ਦੇ ਨਾਲ ਰਾਹੀਂ ਇਹੋ ਜਿਹੇ ਹੀ ਕੁਝ ਕਿਸਾਨਾਂ ਨਾਲ ਰੂਬਰੂ ਕਰਵਾਈਏ ਜੋ ਆਪਣਾ ਖੁਸ਼ਹਾਲ ਜੀਵਨ ਜੀਅ ਰਹੇ ਹਨ ਅਤੇ ਦੂਜਿਆਂ ਲਈ ਮਿਸਾਲ ਵੀ ਹਨ।
ਜਲੰਧਰ ਦੇ ਭੋਗਪੁਰ ਇਲਾਕੇ ਦੇ ਲਾਗੇ ਪਿੰਡ ਜਮਾਲਪੁਰ ਦੇ ਰਹਿਣ ਵਾਲੇ ਕਿਸਾਨ ਜਸਵਿੰਦਰ ਸਿੰਘ ਨੇ ਮਿਸਾਲ ਪੇਸ਼ ਕੀਤੀ ਹੈ ਜੋ ਹੋਰਾਂ ਕਿਸਾਨਾਂ ਵਾਂਗ ਮਹਿਜ਼ ਦੋ ਏਕੜ ਜ਼ਮੀਨ ਉੱਪਰ ਮਿਹਨਤ ਕਰਕੇ ਇਸੇ ਤੋਂ ਆਪਣੀ ਰੋਜ਼ੀ ਰੋਟੀ ਕਮਾ ਕੇ ਆਪਣੇ ਪਰਿਵਾਰ ਨੂੰ ਖੁਸ਼ਹਾਲੀ ਦੀ ਜ਼ਿੰਦਗੀ ਦੇ ਰਿਹਾ ਹੈ।
ਜਸਵਿੰਦਰ ਸਿੰਘ ਦੀ ਖੁਸ਼ਹਾਲੀ ਦਾ ਰਾਜ਼ ਜਾਨਣ ਲਈ ਅਸੀਂ ਉਸ ਦੇ ਪਿੰਡ ਜਮਾਲਪੁਰ ਪਹੁੰਚੇ ਅਤੇ ਉਸ ਨਾਲ ਗੱਲਬਾਤ ਕੀਤੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਛੋਟਾ ਕਿਸਾਨ ਹੈ ਅਤੇ ਉਸ ਕੋਲ ਮਹਿਜ਼ ਦੋ ਏਕੜ ਜ਼ਮੀਨ ਹੈ। ਹੋਰਾਂ ਕਿਸਾਨਾਂ ਵਾਂਗ ਉਸ ਨੇ ਵੀ ਆਪਣੇ ਕਿਸਾਨੀ ਕਿੱਤੇ ਲਈ ਕਰਜ਼ ਲਿਆ ਹੋਇਆ ਹੈ। ਉਸ ਨੇ ਆਪਣੀ ਜ਼ਮੀਨ ਤੇ ਖੇਤੀ ਦੇ ਨਾਲ-ਨਾਲ ਆਪਣੇ ਕੰਮ ਨੂੰ ਵਧਾਉਣ ਲਈ ਇੱਕ ਛੋਟਾ ਡੇਅਰੀ ਫਾਰਮ ਵੀ ਖੋਲ੍ਹਿਆ ਹੈ ਤਾਂ ਜੋ ਉਹ ਜ਼ਮੀਨ ਤੋਂ ਆਉਣ ਵਾਲੀ ਥੋੜ੍ਹੀ ਜਿਹੀ ਕਮਾਈ ਦੇ ਨਾਲ ਡੇਅਰੀ ਫਾਰਮਿੰਗ ਦੀ ਕਮਾਈ ਜੋੜ ਕੇ ਉਸ ਦੇ ਮੁਨਾਫ਼ੇ ਵਿੱਚ ਵਾਧਾ ਕਰ ਸਕੇ।
ਦੂਜੇ ਪਾਸੇ ਜਦੋਂ ਇਸੇ ਮੁੱਦੇ ਬਾਰੇ ਜਲੰਧਰ ਦੇ ਖੇਤੀਬਾੜੀ ਵਿਭਾਗ ਦੇ ਅਫ਼ਸਰ ਨਰੇਸ਼ ਕੁਮਾਰ ਗੁਲਾਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਹਿਕਮਾ ਲਗਾਤਾਰ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਸੰਦੇਸ਼ ਦੇਣ ਦੇ ਉਪਰਾਲੇ ਕਰਦਾ ਰਹਿੰਦਾ ਹੈ।
ਜਿਵੇਂ ਇਹ ਕਿਸਾਨ ਜ਼ਮੀਨ ਦੇ ਛੋਟੇ ਟੁਕੜੇ ਨਾਲ ਹੀ ਆਪਣਾ ਜੀਵਨ ਬਸਰ ਕਰਦੇ ਨੇ ਤਾਂ ਬਾਕੀ ਕਿਸਾਨ ਵੀ ਇਨ੍ਹਾਂ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਖੁਸ਼ਹਾਲੀ ਨਾਲ ਬਸਰ ਕਰ ਸਕਦੇ ਹਨ। ਅਸੀਂ ਜਿਉਂਦੇ ਅਣਖ ਦੇ ਨਾਲ ਪ੍ਰੋਗਰਾਮ ਤਹਿਤ ਅਸੀਂ ਤੁਹਾਨੂੰ ਅਗਲੇ ਪੜਾਅ ਵਿੱਚ ਫਿਰ ਮਿਲਾਵਾਂਗੇ ਇੱਕ ਹੋਰ ਅਣਖੀ ਤੇ ਮਿਹਨਤੀ ਕਿਸਾਨ ਦੇ ਨਾਲ।