ਜਲੰਧਰ: ਸ਼ਹਿਰ ਦੇ ਜਮਸ਼ੇਰ ਖਾਸ ਵਿੱਚ ਅੱਜ ਸਵੇਰੇ ਇੱਕ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਤਲ ਪੁਰਾਣੀ ਰਜਿੰਸ਼ ਦੇ ਚਲਦਿਆਂ ਕੀਤਾ ਗਿਆ ਹੈ। ਮ੍ਰਿਤਕ ਦਾ ਨਾਂਅ ਮਾਨ ਸਿੰਘ ਹੈ ਤੇ ਉਸ ਦੀ ਉਮਰ 65 ਸਾਲ ਹੈ।
ਮ੍ਰਿਤਕ ਮਾਨ ਸਿੰਘ ਦੇ ਪੁੱਤਰ ਰਾਣਾ ਨੇ ਦੱਸਿਆ ਕਿ ਸੋਮਵਾਰ ਤੜਕੇ ਜੰਡਿਆਲਾ ਮੰਜਕੀ ਮੁੱਖ ਸੜਕ 'ਤੇ ਉਨ੍ਹਾਂ ਦੇ ਪਿਤਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸੀ ਜਿਸ ਦੌਰਾਨ ਮੋਟਰ ਸਾਈਕਲ ਸਵਾਰ ਨੌਜਵਾਨ ਨੇ ਉਨ੍ਹਾਂ ਨੂੰ 3 ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਰੋਜ਼ਾਨਾ ਇਸ ਸਮੇਂ ਹੀ ਗੁਰਦੁਆਰਾ ਸਾਹਿਬ ਜਾਂਦੇ ਸੀ, ਜਿਸ ਦਾ ਦੋਸ਼ੀਆਂ ਨੂੰ ਪਹਿਲਾਂ ਤੋਂ ਹੀ ਪਤਾ ਸੀ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਕਤਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਸਾਲਾਂ ਤੋਂ ਸਤਵਿੰਦਰ ਸਿੰਘ ਬੁੱਗਾ ਦੀ ਉਨ੍ਹਾਂ ਨਾਲ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ 2010 ਵਿੱਚ ਉਨ੍ਹਾਂ ਦੇ ਪਿਤਾ 'ਤੇ ਸਤਵਿੰਦਰ ਸਿੰਘ ਨੇ ਹਮਲਾ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਤਵਿੰਦਰ ਸਿੰਘ ਬੁੱਗਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਉੱਤੇ 2010 ਵਿੱਚ ਮਾਮਲਾ ਦਰਜ ਕਰਵਾਇਆ ਸੀ। ਇਸ ਵਿੱਚ ਉਨ੍ਹਾਂ ਨੂੰ 10 ਸਾਲ ਦੀ ਸਜ਼ਾ ਹੋਈ ਸੀ ਤੇ ਹਾਈ ਕੋਰਟ ਨੇ ਉਨ੍ਹਾਂ ਦੇ ਪੁੱਤਰ ਦੀ ਇੱਕ ਮਹੀਨੇ ਪਹਿਲਾਂ ਜ਼ਮਾਨਤ ਰੱਦ ਕੀਤੀ ਹੈ। ਇਸ ਦਾ ਬਦਲਾ ਲੈਣ ਲਈ ਸਤਵਿੰਦਰ ਸਿੰਘ, ਜਸਕਰਨ ਸਿੰਘ ਅਤੇ ਬਹਾਦਰ ਸਿੰਘ ਨੇ ਉਨ੍ਹਾਂ ਦੇ ਪਿਤਾ 'ਤੇ ਗੋਲੀਆਂ ਚਲਾਈਆਂ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ।
ਉਥੇ ਹੀ ਡੀਸੀਪੀ ਬਲਕਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਮਾਨ ਸਿੰਘ ਰਾਣਾ 65 ਸਾਲਾ ਬਜ਼ੁਰਗ ਦਾ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।