ਜਲੰਧਰ: ਨਜ਼ਾਇਜ ਮਾਈਨਿੰਗ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ (Bhupinder Singh Honey) ਨੂੰ ਈਡੀ ਵੱਲੋਂ 3 ਫ਼ਰਵਰੀ ਨੂੰ ਕਰੀਬ 7-8 ਘੰਟੇ ਪੁੱਛਗਿੱਛ ਤੋਂ ਬਾਅਦ ਗਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਖ਼ਿਲਾਫ਼ ਅਦਾਲਤ ਵਿੱਚ ਈਡੀ ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ, ਜਿਸ ਦੀ ਸੁਣਵਾਈ 6 ਅਪ੍ਰੈਲ ਨੂੰ ਹੋਵੇਗੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਤੇ ਇਕ ਹੋਰ ਵਿਅਕਤੀ ਖ਼ਿਲਾਫ਼ ਈਡੀ ਨੇ ਆਪਣੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਹਨੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਲੀ ਦਾ ਬੇਟਾ ਹੈ ਅਤੇ 18 ਜਨਵਰੀ ਨੂੰ ਉਸ ਦੇ ਘਰੋਂ 8 ਕਰੋੜ ਰੁਪਏ ਮਿਲੇ ਸੀ, ਜਦਕਿ ਉਸਦੇ ਇਕ ਸਾਥੀ ਦੇ ਘਰੋਂ 2 ਕਰੋੜ ਰੁਪਏ ਬਰਾਮਦ ਹੋਏ ਸੀ। ਇਸ ਤੋਂ ਬਾਅਦ ਹਨੀ ਤੇ ਉਸਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਹ ਹੈ ਪੂਰਾ ਮਾਮਲਾ: ਹਨੀ ਉੱਪਰ ਕਥਿਤ ਤੌਰ 'ਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ, ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ, 21 ਲੱਖ ਦੇ ਕਰੀਬ ਸੋਨਾ ਅਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਬਰਾਮਦ ਕੀਤੀ ਸੀ।
ਇਨ੍ਹਾਂ ਵਿੱਚੋਂ 8 ਕਰੋੜ ਰੁਪਿਆ ਹਨੀ ਦੇ ਹੋਮ ਲੈਂਡ ਸੁਸਾਇਟੀ ਸੈਕਟਰ ਸਤੱਤਰ ਮੁਹਾਲੀ ਵਿਖੇ ਉਸਦੇ ਘਰ ਤੋਂ ਬਰਾਮਦ ਕੀਤਾ ਸੀ ਅਤੇ ਉਸਦੇ ਇਕ ਸਾਥੀ ਸੰਦੀਪ ਦੇ ਲੁਧਿਆਣਾ ਦੇ ਇਕ ਠਿਕਾਣੇ ਤੋਂ 2 ਕਰੋੜ ਰੁਪਏ ਬਰਾਮਦ ਹੋਏ ਸੀ। ਇਹ ਸਾਰੀ ਕਾਰਵਾਈ ਪੰਜਾਬ ਪੁਲਿਸ ਵੱਲੋਂ 2018 ਵਿੱਚ ਰੋਪੜ ਦੇ ਥਾਣੇ ਵਿਖੇ ਨਜ਼ਾਇਜ ਰੇਤ ਮਾਇਨਿੰਗ ਮਾਮਲੇ ਵਿੱਚ ਦਰਜ ਇੱਕ ਐੱਫ.ਆਈ.ਆਰ ਦੇ ਅਧਾਰ 'ਤੇ ਕੀਤੀ ਗਈ ਸੀ।
ਇਹ ਵੀ ਪੜੋ:- ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ, ਕੀਤੇ ਇਹ ਟਵੀਟ