ਜਲੰਧਰ: ਸ਼ਹਿਰ ਵਿੱਚ ਆਏ ਦਿਨ ਚੋਰੀ, ਡਕੈਤੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਘਟਨਾ ਜਲੰਧਰ ਦੇ ਕਪੂਰਥਲਾ ਚੌਕ ਦੇ ਨੇੜੇ ਵਾਪਰੀ ਹੈ ਜਿੱਥੇ ਮੋਟਰ ਸਾਈਕਲ ਸਵਾਰ ਦੋ ਲੁਟੇਰੇ ਇੱਕ 15 ਸਾਲਾ ਕੁੜੀ ਦੇ ਪਰਸ ਨੂੰ ਖੋਹ ਰਹੇ ਸਨ। ਇਸ ਦੌਰਾਨ ਕੁੜੀ ਨੇ ਬਹਾਦੁਰੀ ਨਾਲ ਉਨ੍ਹਾਂ ਤੋਂ ਆਪਣੇ ਪਰਸ ਨੂੰ ਬਚਾਇਆ ਤੇ ਉਨ੍ਹਾਂ ਲੁਟੇਰਿਆਂ 'ਚੋਂ ਇੱਕ ਲੁਟੇਰੇ ਨੂੰ ਕਾਬੂ ਕੀਤਾ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਸ ਸੀਸੀਟੀਵੀ ਫੁਟੇਜ ਵਿੱਚ ਇੱਕ ਕੁੜੀ ਉਨ੍ਹਾਂ ਲੁਟੇਰਿਆਂ ਦੇ ਪਿੱਛੇ ਭੱਜਦੀ ਤੇ ਉਨ੍ਹਾਂ ਨਾਲ ਮੁਕਾਬਲਾ ਕਰਦੀ ਹੋਈ ਨਜ਼ਰ ਆ ਰਹੀ ਹੈ। ਜਦੋਂ ਕੁੜੀ ਉਨ੍ਹਾਂ ਲੁਟੇਰਿਆਂ ਨਾਲ ਮੁਕਾਬਲਾ ਕਰ ਰਹੀ ਸੀ ਉਦੋਂ ਉਨ੍ਹਾਂ ਵਿੱਚੋਂ ਇੱਕ ਲੁਟੇਰੇ ਨੇ ਉਸ ਕੁੜੀ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਜਿਸ ਨਾਲ ਉਸ ਦੇ ਹੱਥ 'ਤੇ ਕੱਟ ਲੱਗ ਗਿਆ।
ਜ਼ਖ਼ਮੀ ਕੁਸੁਮ ਨੇ ਦੱਸਿਆ ਕਿ ਉਹ ਟਿਊਸ਼ਨ ਪੜ੍ਹ ਕੇ ਘਰ ਵੱਲ ਜਾ ਰਹੀ ਸੀ ਕਿ ਰਸਤੇ ਵਿੱਚ ਉਸ ਨੇ ਆਪਣੇ ਘਰ ਫੋਨ ਕਰਨ ਲਈ ਆਪਣੇ ਫੋਨ ਨੂੰ ਬੈਗ ਵਿੱਚੋਂ ਬਾਹਰ ਕੱਢਿਆ ਤਾਂ ਮੋਟਰ ਸਾਈਕਲ ਸਵਾਰ 2 ਲੁਟੇਰਿਆਂ ਨੇ ਉਸ ਦੇ ਫੋਨ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਲੁਟੇਰਿਆਂ ਨੇ ਫੋਨ ਨੂੰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਲੁਟੇਰਿਆਂ ਦੇ ਪਿੱਛੇ ਭੱਜ ਕੇ ਆਪਣਾ ਫੋਨ ਬਚਾਇਆ ਤੇ ਉਨ੍ਹਾਂ ਵਿੱਚੋਂ ਇੱਕ ਲੁਟੇਰੇ ਨੂੰ ਕਾਬੂ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਉਹ ਉਨ੍ਹਾਂ ਲੁਟੇਰਿਆਂ ਦੇ ਪਿੱਛੇ ਭੱਜ ਕੇ ਉਸ ਨੂੰ ਰੋਕ ਰਹੀ ਸੀ ਤਾਂ ਉਸ ਲੁਟੇਰੇ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ।
ਐਸਐਚਓ ਨੇ ਕਿਹਾ ਕਿ ਕੁਸੁਮ ਨਾਂਅ ਦੀ ਕੁੜੀ ਦੀਨਦਿਆਲ ਉਪਧਿਆਏ ਨਗਰ ਵਿੱਚ ਟਿਊਸ਼ਨ ਪੜ੍ਹ ਕੇ ਘਰ ਜਾ ਰਹੀ ਸੀ ਕਿ ਇੰਨ੍ਹੇ ਵਿੱਚ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਆਏ ਅਤੇ ਉਸ ਦੇ ਹੱਥੋਂ ਫੋਨ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਤੋਂ ਬਾਅਦ ਕੁੜੀ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਲੁਟੇਰਿਆਂ ਨੇ ਕੁੜੀ 'ਤੇ ਦਾਤ ਨਾਲ ਹਮਲਾ ਕਰ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੁਸੁਮ ਦੀ ਉਮਰ 15 ਸਾਲ ਹੈ ਤੇ ਉਹ 8ਵੀਂ ਜਮਾਤ ਦੀ ਵਿਦਿਆਰਥਣ ਹੈ।
ਇਹ ਵੀ ਪੜ੍ਹੋ:ਮਾਣਹਾਨੀ ਮਾਮਲਾ : ਸੁਪਰੀਮ ਕੋਰਟ ਨੇ ਪ੍ਰਸ਼ਾਂਤ ਭੂਸ਼ਨ ਨੂੰ ਲਗਾਇਆ ਇੱਕ ਰੁਪਏ ਦਾ ਜੁਰਮਾਨਾ