ਜਲੰਧਰ: ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਦੇਸ਼ ਦੀ ਅਰਥ ਵਿਵਸਥਾ ਮੱਠੀ ਹੋ ਗਈ ਹੈ। ਉੱਥੇ ਹੀ ਦੇਸ਼ ਦਾ ਹਰ ਛੋਟਾ-ਵੱਡਾ ਕਾਰੋਬਾਰ ਠੱਪ ਹੋ ਗਿਆ ਹੈ। ਇਸ ਤਹਿਤ ਹੀ ਲਾਈਟਿੰਗ ਵਾਲਿਆਂ ਦਾ, ਡੀ.ਜੇ ਵਾਲਿਆਂ ਦਾ ਤੇ ਭੰਗੜਾ ਗਰੁੱਪ ਵਾਲਿਆਂ ਦਾ ਕੰਮ ਮੰਦਾ ਚੱਲ ਰਿਹਾ ਹੈ। ਭੰਗੜਾ ਗਰੁੱਪ ਤੇ ਲਾਈਟਿੰਗ ਸਾਊਂਡ ਵਾਲਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।
ਭੰਗੜਾ ਗਰੁੱਪ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਦਾ ਲੌਕਡਾਊਨ ਲਗਾਇਆ ਹੈ ਉਦੋਂ ਤੋਂ ਹੀ ਉਨ੍ਹਾਂ ਦਾ ਕੰਮ ਬੰਦ ਹੈ। ਉਨ੍ਹਾਂ ਕਿਹਾ ਕਿ ਕੰਮ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮਦਨ ਨਾ ਹੋਣ ਕਾਰਨ ਉਨ੍ਹਾਂ ਕੋਲ ਘਰ ਦਾ ਗੁਜ਼ਾਰਾ ਕਰਨ ਤੇ ਬਚਿਆਂ ਦੀ ਸਕੂਲ ਫੀਸ ਨੂੰ ਦੇਣ ਦੇ ਪੈਸੇ ਨਹੀਂ ਹਨ ਪਰ ਇਸ ਦੇ ਬਾਵਜੂਦ ਵੀ ਸਕੂਲ ਉਨ੍ਹਾਂ ਤੋਂ ਫੀਸ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਾਰੇ ਅਦਾਰਿਆਂ ਨੂੰ ਛੂਟ ਦੇ ਦਿੱਤੀ ਹੈ ਪਰ ਸਰਕਾਰ ਨੇ ਉਨ੍ਹਾਂ ਦੇ ਕੰਮ ਨੂੰ ਛੂਟ ਨਹੀਂ ਦਿੱਤੀ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਵਿਆਹ ਸ਼ਾਦੀਆਂ ਵਿੱਚ 100 ਦੇ ਕਰੀਬ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦਾ ਕੰਮ ਚੱਲ ਸਕੇ ਅਤੇ ਉਹ ਆਪਣੀ ਰੋਜ਼ੀ ਰੋਟੀ ਕਮਾ ਸਕਣ।
ਉਥੇ ਹੀ ਲਾਈਟਿੰਗ ਸਾਊਂਡ ਦਾ ਕੰਮ ਕਰਨ ਵਾਲੇ ਹਰਜਿੰਦਰ ਕੁਮਾਰ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਸਾਧੇ ਢੰਗ ਨਾਲ ਵਿਆਹ ਹੋਣ ਨਾਲ ਉਨ੍ਹਾਂ ਕੰਮ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੰਮ ਮੰਦਾ ਹੋਣ ਕਾਰਨ ਉਨ੍ਹਾਂ ਨੂੰ ਘਰ ਚਲਾਉਣਾ ਬੇਹੱਦ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਵਿਆਹ ਸਮਾਗਮਾਂ ਵਿੱਚ 30 ਲੋਕਾਂ ਦੀ ਜਗ੍ਹਾ 100 ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦਾ ਕੰਮ ਫਿਰ ਤੋਂ ਬਹਾਲ ਹੋ ਸਕੇ।