ਜਲੰਧਰ: ਜ਼ਿਲ੍ਹਾ ਜਲੰਧਰ ਦੇ ਨਾਮਦੇਵ ਚੌਕ ਨੇੜੇ ਰਹਿ ਰਹੇ ਰਿਟਾਇਰਡ ਐੱਸਪੀ ਜਸਕੀਰਤ ਸਿੰਘ ਚਾਹਲ ਦੇ ਘਰ ਕੋਲ ਬਣੇ ਇੱਕ ਬਾਥਰੂਮ 'ਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨਾਲ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਜਾਣਕਾਰੀ ਦਿੰਦੇ ਹੋਏ ਇੱਕ ਰੇਹੜੀ ਵਾਲੇ ਨੇ ਦੱਸਿਆ ਕਿ ਜਦ ਉਹ ਸਵੇਰੇ ਬਾਥਰੂਮ 'ਚ ਪਾਣੀ ਲੈਣ ਗਿਆ ਤਾਂ ਉਸ ਨੇ ਫ਼ਰਸ਼ 'ਤੇ ਇੱਕ ਵਿਅਕਤੀ ਦੀ ਲਾਸ਼ ਦੇਖੀ, ਜਿਸ ਤੋਂ ਬਾਅਦ ਉਸ ਨੇ ਨੇੜਲੇ ਦੁਕਾਨਦਾਰਾਂ ਨੂੰ ਇਸ ਦੀ ਸੂਚਨਾ ਦਿੱਤੀ।
ਇਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਇਸ ਮਾਮਲੇ ਦੀ ਛਾਣ-ਬੀਣ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਅਮਰੀਕ ਸਿੰਘ ਵਜੋਂ ਹੋਈ ਹੈ। ਇਹ ਵਿਅਕਤੀ ਡਰਾਈਵਰ ਦਾ ਕੰਮ ਕਰਦਾ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਹਾਲੇ ਤੱਕ ਹਾਲਾਤਾਂ ਮੁਤਾਬਕ ਇਸ ਵਿਅਕਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਲਗਦੀ ਹੈ।