ਜਲੰਧਰ: ਕੋਰੀਅਨ ਕੌਂਬੈਟ ਮਾਰਸ਼ਲ ਅਕੈਡਮੀ ਟਰੱਸਟ ਮੁੰਬਈ ਵੱਲੋਂ ਕਰਾਈ ਗਈ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਫਗਵਾੜਾ ਦੀ ਸੱਤ ਸਾਲ ਦੀ ਬੱਚੀ ਨੇ ਗੋਲਡ ਮੈਡਲ ਜਿੱਤ ਆਪਣੇ ਮਾਂ-ਬਾਪ ਦੇ ਨਾਲ-ਨਾਲ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਚੈਂਪੀਅਨਸ਼ਿਪ ਵਿੱਚ ਫਗਵਾੜਾ ਦੀ ਅਰਬਨ ਅਸਟੇਟ ਇਲਾਕੇ ਦੀ ਰਹਿਣ ਵਾਲੀ ਆਨਿਆ ਨਾਮ ਦੀ ਇਸ ਬੇਟੀ ਨੇ ਇਹ ਗੋਲਡ ਮੈਡਲ ਇਸ ਚੈਂਪੀਅਨਸ਼ਿਪ ਵਿੱਚ ਅੰਡਰ 17 ਕੈਟਾਗਰੀ ਵਿੱਚ ਸਪੀਡ ਕਿਕਿੰਗ ਵਿੱਚ ਹਾਸਿਲ ਕੀਤਾ ਹੈ।
ਆਨਿਆ ਨੇ ਇਸ ਖੇਡ ਵਿਚ ਇਕ ਮਿੰਟ ਵਿਚ ਬਹੱਤਰ ਕਿੱਕਾਂ ਮਾਰ ਕੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਇਹ ਮੈਡਲ ਹਾਸਲ ਕੀਤਾ। ਹੁਣ ਇਸ ਬੱਚੀ ਦਾ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਓਲੰਪਿਕ ਵਿੱਚ ਹਿੱਸਾ ਲਵੇ ਅਤੇ ਉੱਥੋਂ ਗੋਲਡ ਮੈਡਲ ਜਿੱਤ ਕੇ ਆਵੇ। ਆਨਿਆ ਬਾਰੇ ਉਸ ਦੇ ਪਿਤਾ ਡਾ. ਅਭਿਨੀਤ ਗੋਇਲ ਜੋ ਕਿ ਇੱਕ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਨੇ ਦੱਸਦੇ ਨੇ ਕਿ ਆਨਿਆ ਨੂੰ ਇਸ ਖੇਡ ਦਾ ਸ਼ੌਕ ਇੱਕ ਇੰਗਲਿਸ਼ ਪਿੱਚਰ ਕਰਾਟੇ ਕਿਡ ਦੇਖ ਕੇ ਪੈਦਾ ਹੋਇਆ ਅਤੇ ਕਰੀਬ ਤਿੰਨ ਚਾਰ ਮਹੀਨਿਆਂ ਦੀ ਮਿਹਨਤ ਵਿੱਚ ਹੀ ਆਨਿਆ ਨੇ ਕੋਰੀਅਨ ਕੌਂਬੈਟ ਮਾਰਸ਼ਲ ਆਰਟ ਅਕੈਡਮੀ ਕੁਕੀਵਾਨ ਸਾਊਥ ਕੋਰੀਆ ਵੱਲੋਂ ਕਰਵਾਏ ਗਏ ਇਸ ਈਵੈਂਟ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਆਨਿਆ ਦੇ ਇਸ ਖੇਡ ਨੂੰ ਅਤੇ ਉਸ ਦੇ ਜਜ਼ਬੇ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਸ ਦੀ ਕੋਚਿੰਗ ਕੋਚ ਮਾਸਟਰ ਸ਼ਹਾਦਤ ਹੁਸੈਨ ਅਤੇ ਮਾਸਟਰ ਪਰਵੇਜ਼ ਖ਼ਾਨ ਤੋਂ ਮੁੰਬਈ ਵਿਖੇ ਆਨਲਾਈਨ ਕਰਵਾਈ। ਉਨ੍ਹਾਂ ਨੇ ਆਪਣੀ ਬੇਟੀ ਦੀ ਇਸ ਉਪਲੱਬਧੀ ਲਈ ਉਸਦੇ ਦੋਨਾਂ ਕੋਚਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੀ ਬੇਟੀ ਕਰਕੇ ਉਨ੍ਹਾਂ ਨੂੰ ਦੂਰੋਂ-ਦੂਰੋਂ ਵਧਾਈਆਂ ਦੇ ਸੰਦੇਸ਼ ਆ ਰਹੇ।
ਉਧਰ ਆਨਿਆਂ ਦੀ ਮਾਂ ਡਾ. ਜਯਾ ਜੈਨ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਬੇਟੀ ‘ਤੇ ਬਹੁਤ ਮਾਣ ਹੈ ਜਿਸ ਨੇ ਛੋਟੀ ਜਿਹੀ ਉਮਰ ਵਿੱਚ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਵੀ ਆਨਿਆ ਨੂੰ ਇਸ ਗੇਮ ਵਿੱਚ ਪੂਰੀ ਕੋਚਿੰਗ ਦੁਆ ਕੇ ਅਗਲੇ ਕੰਪੀਟੀਸ਼ਨਾਂ ਲਈ ਤਿਆਰ ਕਰਵਾਇਆ ਜਾਏਗਾ।
ਇਹ ਵੀ ਪੜ੍ਹੋ:ਮੁੰਬਈ ‘ਚ ਅਜੇ ਦੇਵਗਨ ਨੂੰ ਘੇਰਨ ਵਾਲੇ ‘ਸਿੰਘ’ ਦੇ ਵੇਖੋ ਕੀ ਬਣੇ ਹਾਲਾਤ