ਜਲੰਧਰ : ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਕਈ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸੂਬੇ 'ਚ ਸ਼ੁੱਕਰਵਾਰ ਰਾਤੀ 12 ਵਜੇਂ ਤੋਂ ਬਾਅਦ ਸਰਕਾਰੀ ਤੇ ਨਿੱਜੀ ਬੱਸਾਂ 'ਤੇ ਮੁਕੰਮਲ ਬਰੇਕ ਲੱਗ ਜਾਵੇਗੀ।
ਪੰਜਾਬ ਸਰਕਾਰ ਦੇ ਇਸ ਫੈਸਲੇ ਬਾਰੇ ਆਮ ਲੋਕਾਂ ਵਿੱਚ ਰਲਿਆ ਮਿਲਿਆ ਰੁਝਾਣ ਦੇਖਣ ਨੂੰ ਮਿਲ ਰਿਹਾ ਹੈ। ਕੁਝ ਲੋਕ ਇਸ ਨੂੰ ਸਹੀ ਦੱਸ ਰਹੇ ਹਨ ਤੇ ਕੁਝ ਕੁ ਦਾ ਆਖਣਾ ਹੈ ਕਿ ਸਰਕਾਰ ਨੂੰ ਨੌਕਰੀਆਂ 'ਤੇ ਜਾਣ ਵਾਲੇ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਣਾ ਚਾਹੀਦਾ ਸੀ।
ਜਲੰਧਰ ਬੱਸ ਅੱਡੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਵਾਇਰਸ ਦੀ ਮਾਰ ਨੂੰ ਵੇਖਦੇ ਹੋਏ ਸਰਕਾਰ ਦਾ ਬੱਸਾਂ ਨੂੰ ਬੰਦ ਕਰਨ ਦਾ ਫੈਸਲਾ ਸਹੀ ਹੈ। ਇਸੇ ਨਾਲ ਹੀ ਸਰਕਾਰ ਨੂੰ ਰੋਜ਼ਾਨਾ ਕੰਮਾਂ 'ਤੇ ਜਾਣ ਵਾਲੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਸੀ। ਜਿਨ੍ਹਾਂ ਨੂੰ ਆਪਣੀ ਡਿਊਟੀ ਕਰਨ ਲਈ ਜਾਣਾ ਹੀ ਪਵੇਗਾ , ਉਨ੍ਹਾਂ ਨੂੰ ਬੱਸਾਂ ਦੇ ਨਾ ਚੱਲਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਇਸੇ ਨਾਲ ਹੀ ਆਮ ਲੋਕਾਂ ਦਾ ਕਹਿਣਾ ਸੀ ਕਿ ਬੱਸਾਂ ਦੇ ਬੰਦ ਹੋਣ ਨਾਲ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਰੋਜੀ ਰੋਟੀ ਦੇ ਲਾਲੇ ਪੈ ਜਾਣਗੇ, ਜਿਸ ਲਈ ਸਰਕਾਰ ਨੂੰ ਇਨ੍ਹਾਂ ਲੋਕਾਂ ਦੀ ਕਮਾਈ ਨੂੰ ਵੀ ਯਕੀਨੀ ਬਣਾਇਆ ਜਾਵੇ।