ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਭਾਣਜੇ ਭੁਪਿੰਦਰ ਸਿੰਘ ਹਨੀ (Bhupinder Singh Honey) ਨੂੰ ਈਡੀ ਵੱਲੋਂ ਫਿਰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।
ਈਡੀ ਦੇ ਆਲਾ ਅਧਿਕਾਰੀ ਅਤੇ ਪੁਲਿਸ ਉਸ ਨੂੰ ਲੈ ਕੇ ਸਵੇਰੇ ਕਰੀਬ 11 ਵਜੇ ਅਦਾਲਤ ਵਿੱਚ ਪਹੁੰਚੇ ਅਤੇ ਕਰੀਬ 5 ਘੰਟੇ ਅਦਾਲਤ ਵਿੱਚ ਸੁਣਵਾਈ ਹੋਈ। ਇਸ ਤੋਂ ਬਾਅਦ ਅਦਾਲਤ ਵੱਲੋਂ ਉਸ ਨੂੰ 3 ਦਿਨ੍ਹਾਂ ਲਈ ਫਿਰ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਇਸ ਮਾਮਲੇ ਵਿਚ ਹਾਲਾਂਕਿ ਈਡੀ ਵੱਲੋਂ ਪੁੱਛਗਿੱਛ ਦੇ ਚਲਦਿਆਂ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਵੱਲੋਂ ਸਿਰਫ਼ 3 ਦਿਨ ਦਾ ਰਿਮਾਂਡ ਦਿੱਤਾ ਗਿਆ।
ਇਨਫੋਰਸਮੈਂਟ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਲੰਧਰ ਦੀ ਜੁਡੀਸ਼ੀਅਲ ਅਦਾਲਤ ਵਿੱਚ ਜ਼ਿਲ੍ਹਾ ਸੈਸ਼ਨ ਜੱਜ ਰੁਪਿੰਦਰਜੀਤ ਚਹਿਲ ਦੀ ਅਦਾਲਤ ਵਿੱਚ ਪੇਸ਼ ਕੀਤਾ। ਈਡੀ ਦੇ ਵਕੀਲ ਲੋਕੇਸ਼ ਨਾਰੰਗ ਅਤੇ ਭੁਪਿੰਦਰ ਸਿੰਘ ਹਨੀ ਦੇ ਵਕੀਲ ਹਰਨੀਤ ਸਿੰਘ ਓਬਰਾਏ ਨੇ ਕੇਸ ਦੀ ਸੁਣਵਾਈ ਦੌਰਾਨ ਬਹਿਸ ਕੀਤੀ। ਈਡੀ ਦੇ ਵਕੀਲ ਨੇ ਭੁਪਿੰਦਰ ਸਿੰਘ ਹਨੀ ਦਾ 10 ਦਿਨ ਦਾ ਰਿਮਾਂਡ ਮੰਗਿਆ ਸੀ, ਜੁਡੀਸ਼ੀਅਲ ਕੋਰਟ ਜ਼ਿਲ੍ਹਾ ਸੈਸ਼ਨ ਜੱਜ ਨੇ 3 ਦਿਨ ਦਾ ਰਿਮਾਂਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮਾਈਨਿੰਗ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ (Bhupinder Singh Honeyਨੂੰ ਈਡੀ ਵੱਲੋਂ 3 ਫਰਵਰੀ ਨੂੰ ਕਰੀਬ 7-8 ਘੰਟੇ ਪੁੱਛਗਿੱਛ ਤੋਂ ਬਾਅਦ ਗਿਫ਼ਤਾਰ ਕਰ ਲਿਆ ਗਿਆ ਸੀ ਅਤੇ 4 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਅਦਾਲਤ ਵੱਲੋਂ ਭੁਪਿੰਦਰ ਸਿੰਘ ਹਨੀ ਨੂੰ 4 ਦਿਨ੍ਹਾਂ ਲਈ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਅੱਜ ਈਡੀ ਦਾ ਰਿਮਾਂਡ ਖ਼ਤਮ ਹੋਣ ਤੇ ਈਡੀ ਵੱਲੋਂ ਉਸ ਨੂੰ ਦੁਬਾਰਾ ਪੇਸ਼ ਕੀਤਾ ਗਿਆ। ਹੁਣ 3 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਈਡੀ ਉਸ ਨੂੰ 11 ਫਰਵਰੀ ਨੂੰ ਦੁਬਾਰਾ ਫਿਰ ਮਾਣਯੋਗ ਅਦਾਲਤ ਵਿਚ ਪੇਸ਼ ਕਰੇਗੀ।
ਇਹ ਵੀ ਪੜ੍ਹੋ: ਪੰਜਾਬ ਦੀ ਰਾਜਨੀਤੀ ਚ ਆਉਣ ਵਾਲਾ ਹੈ ਭੂਚਾਲ! ਚੰਨੀ ਦੇ ਭਾਣਜੇ ਨੇ ਗੁਨਾਹ ਕੀਤੇ ਕਬੂਲ