ਜਲੰਧਰ: ਪੰਜਾਬ ਵਿੱਚ ਕੋਰੋਨਾ ਦੇ ਚੱਲਦਿਆਂ ਕਈ ਵਪਾਰ ਬੰਦ ਹੋ ਗਏ ਹਨ। ਇਸ ਦਾ ਸਿੱਧੇ ਤੌਰ 'ਤੇ ਟਰਾਂਸਪੋਰਟ ਦੇ ਵਪਾਰ ਵੀ ਅਸਰ ਪਿਆ ਹੈ। ਕੋਰੋਨਾ ਨਾਲ ਟਰੱਕਾਂ ਦਾ ਕਾਰੋਬਾਰ ਕਰਨ ਵਾਲੇ ਲੱਖਾਂ ਲੋਕ ਕੰਮ ਤੋਂ ਵਾਂਝੇ ਬੈਠੇ ਹਨ।
ਜਲੰਧਰ ਦੇ ਟਰਾਂਸਪੋਰਟ ਨਗਰ ਵਿੱਚ ਖੜ੍ਹੇ ਟਰੱਕ ਇਸ ਗ਼ੱਲ ਦਾ ਸਬੂਤ ਹੈ ਕਿ ਟਰੱਕ ਦਾ ਵਪਾਰ ਕਰਨ ਵਾਲੇ ਲੋਕ ਕੋਰੋਨਾ ਦੀ ਮਾਰ ਹੇਠਾਂ ਸਭ ਤੋਂ ਜ਼ਿਆਦਾ ਆਏ ਹੋਏ ਹਨ। ਦੱਸ ਦੇਈਏ ਕਿ ਇਹ ਲੋਕ ਰੋਜ਼ ਕੰਮ ਲਈ ਆਪਣੇ ਘਰਾਂ ਤੋਂ ਟਰੱਕ ਲੈ ਕੇ ਟਰਾਂਸਪੋਰਟ ਨਗਰ ਪਹੁੰਚਦੇ ਹਨ, ਪਰ ਸਾਰਾ ਦਿਨ ਇੱਥੇ ਹੀ ਬੈਠ ਕੇ ਸ਼ਾਮ ਨੂੰ ਖਾਲੀ ਘਰ ਪਰਤਦੇ ਹਨ।
ਜ਼ਿਕਰਯੋਗ ਹੈ ਕਿ ਜਲੰਧਰ ਸ਼ਹਿਰ ਦੇ ਤਕਰੀਬਨ 10,000 ਟਰੱਕ ਚੱਲਦੇ ਹਨ, ਜਿਸ ਨਾਲ ਕਰੀਬ 60-70 ਹਜ਼ਾਰ ਪਰਿਵਾਰਾਂ ਦਾ ਘਰ ਚੱਲਦਾ ਹੈ। ਟਰੱਕ ਮਾਲਕਾ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ 'ਚ ਕੋਰੋਨਾ ਕਰਕੇ ਪੰਜਾਬ ਵਿੱਚ ਲੱਗੇ ਕਰਫਿਊ ਅਤੇ ਲੌਕਡਾਊਨ ਕਾਰਨ ਉਨ੍ਹਾਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਟਰਾਂਸਪੋਰਟ ਨਗਰ ਵਿੱਚ ਖੜ੍ਹੇ ਇਨ੍ਹਾਂ ਦੇ ਟਰੱਕਾਂ ਦੀ ਇੰਸ਼ੋਰੈਂਸ, ਬੈਂਕ ਦੀਆਂ ਕਿਸ਼ਤਾਂ, ਰੋਡ ਟੈਕਸ ਆਦਿ ਹੋਰ ਖ਼ਰਚੇ ਲਗਾਤਾਰ ਦੇਣੇ ਪੈ ਰਹੇ ਹਨ, ਉੱਥੇ ਹੀ ਆਮਦਨੀ ਦਾ ਕੋਈ ਵੀ ਸਾਧਨ ਨਜ਼ਰ ਨਹੀਂ ਆ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਹੁਣ ਤੱਕ ਕਈ ਟਰੱਕ ਚਾਲਕਾਂ ਦੀ ਹਾਲਤ ਅਜਿਹੀ ਵੀ ਹੋ ਚੁੱਕੀ ਹੈ ਕਿ ਕਿਸ਼ਤਾਂ ਅਤੇ ਹੋਰ ਖਰਚੇ ਤਾਂ ਇੱਕ ਪਾਸੇ, ਘਰ ਵਿੱਚ ਖਾਣ-ਪੀਣ ਦੇ ਵੀ ਲਾਲੇ ਪਏ ਹੋਏ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਟਰੱਕ ਮਾਲਕਾਂ ਤੇ ਚਾਲਕਾਂ ਦੀ ਸਹਾਇਤਾ ਕਰੇ।