ਜਲੰਧਰ: ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਬਾਰਿਸ਼ ਨੇ ਲੋਕਾਂ ਨੂੰ ਗਰਮੀ ਦੇ ਮੌਸਮ ਤੋਂ ਰਾਹਤ ਦਿੱਤੀ ਹੈ। ਪਰ ਇਸਦੇ ਨਾਲ ਹੀ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਸਤੰਬਰ ਅਕਤੂਬਰ ਵਿੱਚ ਕਿਸਾਨ ਦੀ ਝੋਨੇ ਦੀ ਫ਼ਸਲ ਤਕਰੀਬਨ ਤਿਆਰ ਹੁੰਦੀ ਹੈ ਅਤੇ ਇਸਦੀ ਵਾਢੀ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਂਦੀ ਹੈ। ਲੇਕਿਨ ਦੋ ਦਿਨ ਹੋਈ ਲਗਾਤਾਰ ਭਾਰੀ ਬਾਰਿਸ਼ ਕਾਰਨ ਲਗਭਗ ਪੱਕੀ ਫ਼ਸਲ ਦੇ ਡਿੱਗਣ ਕਰਕੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸਦੇ ਨਾਲ ਹੀ ਮੀਂਹ ਕਾਰਨ ਫ਼ਸਲ ਵਿਚ ਨਮੀਂ ਆ ਗਈ ਹੈ ਜਿਸ ਕਰਕੇ ਝੋਨੇ ਦੀ ਫ਼ਸਲ ਦੀ ਵਾਢੀ ਵਿੱਚ ਵੀ ਦੇਰੀ ਹੋ ਜਾਵੇਗੀ।
ਕਿਸਾਨਾਂ ਮੁਤਾਬਕ ਇਹ ਬਾਰਿਸ਼ ਜੇ ਅਗਸਤ ਮਹੀਨੇ ਵਿੱਚ ਹੁੰਦੀ ਤਾਂ ਫ਼ਸਲ ਦੀ ਗੁਣਵੱਤਾ ਅਤੇ ਝਾੜ ਵਿੱਚ ਕਾਫੀ ਵਾਧਾ ਹੋਣਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਹੋਰ ਬਾਰਿਸ਼ ਨਹੀਂ ਹੁੰਦੀ ਤਾਂ ਫ਼ਸਲ ਬਚ ਸਕਦੀ ਹੈ। ਪਰ ਜੇਕਰ ਇਸੇ ਤਰ੍ਹਾਂ ਹੋੋਰ ਬਾਰਿਸ਼ ਹੋ ਗਈ ਤਾਂ ਫ਼ਸਲਾਂ ਦਾ ਬਹੁਤ ਭਾਰੀ ਨੁਕਾਸਾਨ ਹੋਵੇਗਾ।
ਇਸ ਦੇ ਨਾਲ ਹੀ ਉਹ ਕਿਸਾਨ ਜਿਨ੍ਹਾਂ ਨੇ ਆਪਣੇ ਖੇਤਾਂ ਵਿੱਚ ਸਬਜ਼ੀਆਂ ਲਗਾਈਆਂ ਸੀ ਇਸ ਬਾਰਿਸ਼ ਨਾਲ ਉਨ੍ਹਾਂ ਦੇ ਬੀਜ ਬਿਲਕੁਲ ਖ਼ਰਾਬ ਹੋ ਗਏ ਹਨ ਅਤੇ ਉਨ੍ਹਾਂ ਨੂੰ ਆਪਣੀ ਫ਼ਸਲ ਦੀ ਬਿਜਾਈ ਦੁਬਾਰਾ ਕਰਨਾ ਪਵੇਗੀ। ਫਿਲਹਾਲ ਹੁਣ ਕਿਸਾਨਾਂ ਨੂੰ ਉਮੀਦ ਹੈ ਕਿ ਮੌਸਮ ਉਨ੍ਹਾਂ ਦਾ ਸਾਥ ਦੇਵੇਗਾ ਅਤੇ ਪੂਰੀ ਮਿਹਨਤ ਨਾਲ ਪਾਲੀ ਹੋਈ ਉਨ੍ਹਾਂ ਦੀ ਫ਼ਸਲ ਦਾ ਸਹੀ ਮੁਨਾਫ਼ਾ ਉਨ੍ਹਾਂ ਨੂੰ ਮਿਲੇਗਾ।
ਇਹ ਵੀ ਪੜ੍ਹੋ:- ਮੀਂਹ ਤੋਂ ਬਾਅਦ ਖੁੱਲ੍ਹੀ ਸਮਾਰਟ ਸਿਟੀ ਦੀ ਪੋਲ, ਹੋਈ ਜਲ ਥਲ