ਚੰਡੀਗੜ੍ਹ: ਪੰਜਾਬ ਦੀਆਂ 4 ਸੀਟਾਂ ਮੁਲਾਂਪੁਰ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ 'ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਚੋਣਾਂ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ 1500 ਪੁਲਿਸ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ, ਜਦ ਕਿ ਲੱਗਭੱਗ 80 ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਤੈਨਾਤ ਹਨ। ਪੰਜਾਬ ਵਿੱਚ ਚਾਰ ਸੀਟਾਂ 'ਤੇ ਕਰੀਬ 60.59 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਸ਼ਾਮ 5 ਵਜੇ ਤੱਕ ਫਗਵਾੜਾ ਵਿੱਚ 49.96%, ਮੁਕੇਰੀਆਂ ਵਿੱਚ 57.28%, ਮੁਲਾਂਪੁਰ ਦਾਖਾ ਵਿੱਚ 64.35% ਅਤੇ ਜਲਾਲਾਬਾਦ ਵਿੱਚ 70 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ।
ਮੁੱਲਾਂਪੁਰ ਦਾਖਾ ਸੀਟ
ਹਲਕਾ ਦਾਖਾ ਵਿੱਚ ਚੋਣਾਂ ਦੇ ਮੱਦੇਨਜ਼ਰ ਸੂਬੇ 'ਚ ਸੁਰੱਖਿਆ ਵਿਵਸਥਾ ਕਰੜੀ ਕੀਤੀ ਗਈ ਹੈ। ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਨੇ ਆਪਣੇ ਪਰਿਵਾਰ ਸਣੇ ਪਿੰਡ ਗੋਰਸੀਆਂ ਕਾਦਰ 'ਚ ਵੋਟ ਭੁਗਤਾਈ। ਉਨ੍ਹਾਂ ਸੁਰੱਖਿਆ ਪ੍ਰਬੰਧਾਂ 'ਤੇ ਸੰਤੁਸ਼ਟੀ ਜਤਾਉਂਦਿਆਂ ਜਿੱਤ ਦਾ ਦਾਅਵਾ ਕੀਤਾ ਹੈ। ਉੱਥੇ ਹੀ ਚੋਣ ਕਮੀਸ਼ਨ ਵੱਲੋਂ
ਮਨਪ੍ਰੀਤ ਇਯਾਲੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਚੋਣ ਜ਼ਾਬਤੇ ਦੀ ਉਲੰਘਣਾ ਕਾਰਨ ਜਾਰੀ ਕੀਤਾ ਗਿਆ ਹੈ। ਦਾਖਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਦੀਪ ਸਿੰਘ ਸੰਧੂ, ਸ਼੍ਰੋਮਣੀ਼ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ, ਆਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਚੋਣ ਮੈਦਾਨ 'ਚ ਹਨ।
ਫਗਵਾੜਾ ਸੀਟ
ਫਗਵਾੜਾ ਸੀਟ ਤੋਂ ਵੋਟਿੰਗ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਗਵਾੜਾ ਵਿੱਚ ਕਰੀਬ 220 ਬੂਥਾਂ ਵਾਸਤੇ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ 'ਚ 69 ਬੂਥ ਸੰਵੇਦਨਸ਼ੀਲ ਹਨ। ਭਾਜਪਾ ਦੇ ਕੇਂਦਰੀ ਮੰਤਰੀ ਅਤੇ ਐਮੱਪੀ ਸੋਮ ਪ੍ਰਕਾਸ਼ ਨੇ ਆਪਣੀ ਪਤਨੀ ਅਨੀਤਾ ਦੇ ਨਾਲ ਬੂਥ 'ਤੇ ਜਾ ਕੇ ਵੋਟ ਪਾਈ। ਉੱਥੇ ਹੀ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਪਰਿਵਾਰ ਦੇ ਨਾਲ ਫਗਵਾੜਾ ਵਿਖੇ ਮਾਰਕਿਟ ਕਮੇਟੀ ਦਫਤਰ ਵਿਖੇ ਵੋਟ ਪਾਈ। ਉੱਥੇ ਹੀ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ, ਜਿਸ ਕਾਰਨ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਚੋਣ ਨਿਸ਼ਾਨ ਨੂੰ ਗਲੇ 'ਚ ਪਾ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਮੁਕੇਰੀਆਂ ਸੀਟ
ਮੁਕੇਰੀਆਂ ਹਲਕੇ ਵਿੱਚ ਵੋਟਰਾਂ ਦੀ ਗਿਣਤੀ 2 ਲੱਖ 1 ਹਜ਼ਾਰ 21 ਹੈ ਤੇ ਇੱਥੇ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਮੁਕੇਰੀਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਸ੍ਰੀਮਤੀ ਇੰਦੂ ਬਾਲਾ ਉਮੀਦਵਾਰ ਹਨ। ਆਮ ਆਦਮੀ ਪਾਰਟੀ ਦੇ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ ਅਤੇ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਜੰਗੀ ਲਾਲ ਮਹਾਜਨ ਉਮੀਦਵਾਰ ਹਨ। ਇਸ ਸੀਟ ਤੋਂ ਲੋਕ ਵੱਡੀ ਗਿਣਤੀ ਵਿੱਚ ਵੋਟ ਪਾਉਣ ਪਹੁੰਚ ਰਹੇ ਹਨ।
ਜਲਾਲਾਬਾਦ ਸੀਟ
ਜਲਾਲਾਬਾਦ ਹਲਕੇ ਵਿੱਚ ਲੋਕ ਵੱਡੀ ਤਦਾਦ ਵਿੱਚ ਵੋਟ ਪਾਉਣ ਪਹੁੰਚ ਰਹੇ ਹਨ। ਜਲਾਲਾਬਾਦ ਦੇ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਆਪਣੇ ਜੱਦੀ ਪਿੰਡ ਘੂਬਾਇਆ ਵਿਖੇ ਵੋਟ ਪਾਈ। ਉੱਥੇ ਹੀ ਫ਼ਾਜਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੋਟ ਪਾਈ ਅਤੇ ਕਿਹਾ ਕਿ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਵੱਚੀ ਲੀਡ ਨਾਲ ਜ਼ਿਮਨੀ ਚੋਂ ਜਿੱਤਣਗੇ। ਹਲਕੇ ਤੋਂ ਕਾਂਗਰਸ ਦੇ ਸ੍ਰੀ ਰਮਿੰਦਰ ਸਿੰਘ ਆਵਲਾ, ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ ਉਮੀਦਵਾਰ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਵੋਟ ਪਾਉਣ ਦੀ ਕੀਤੀ ਅਪੀਲ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇੱਕ ਮਜ਼ਬੂਤ ਤੇ ਖ਼ੁਸ਼ਹਾਲ ਪੰਜਾਬ ਲਈ ਜਨਤਾ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵੋਟ ਪਾਉਣ ਅਤੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਸੋਚ–ਸਮਝ ਕੇ ਕਰਨ।
ਕੁਲਬੀਰ ਜ਼ੀਰਾ ਨੂੰ ਨੋਟਿਸ ਜਾਰੀ
ਚੋਣ ਕਮਿਸ਼ਨ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਕੁਲਬੀਰ ਜ਼ੀਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਬੀਤੇ ਦਿਨੀਂ ਦਾਖਾ 'ਚ ਵਾਪਰੀ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਮੁੱਖ ਚੋਣ ਕਮਿਸ਼ਨਰ ਡਾ. ਐੱਸ. ਕਰੁਣਾ ਰਾਜੂ ਵੱਲੋਂ ਜਾਣਕਾਰੀ ਦਿੱਤੀ ਗਈ ਹੈ।