ਜਲੰਧਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਭ ਸੰਗਤਾਂ ਆਪਣੇ-ਆਪਣੇ ਢੰਗ ਨਾਲ ਮਨਾਉਣ ਲਈ ਤਿਆਰੀਆਂ ਕਰ ਰਹੀਆਂ ਹਨ। ਇਸ ਦੇ ਚੱਲਦਿਆਂ ਪੰਜਾਬ ਦੇ ਇੱਕ ਸਿੱਖ ਬਜ਼ੁਰਗ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਭਾਸ਼ਾਵਾਂ 'ਚ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਦਾ ਨਾਂਅ 'ਨਾਨਕ ਨਾਮ ਸੰਤੋਖੀਆ' ਹੈ। ਇਸ ਕਿਤਾਬ ਵਿੱਚ ਸਤਪਾਲ ਸਿੰਘ ਵੱਲੋਂ ਪੰਜਾਬੀ , ਹਿੰਦੀ , ਇੰਗਲਿਸ਼ , ਇਟਾਲੀਅਨ ਅਤੇ ਜਰਮਨ ਭਾਸ਼ਾ 'ਚ ਗੁਰਬਾਣੀ ਲਿਖੀ ਗਈ ਹੈ।
ਸਤਪਾਲ ਸਿੰਘ ਨੂੰ ਇਹ ਕਿਤਾਬ ਪੂਰੀ ਕਰਨ ਲਈ ਪੰਜ ਸਾਲ ਦਾ ਸਮਾਂ ਲੱਗਾ ਜਿਸ ਵਿੱਚੋਂ ਢਾਈ ਸਾਲ ਸਿਰਫ਼ ਚਿੱਤਰਕਾਰੀ 'ਤੇ ਹੀ ਲੱਗੇ। ਸਤਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਕਿਤਾਬ ਨੂੰ ਪੰਜ ਭਾਸ਼ਾਵਾਂ 'ਚ ਲਿੱਖਣ ਦਾ ਮੁੱਖ ਮੰਤਵ ਇਹ ਸੀ ਕਿ ਜੋ ਪੰਜਾਬੀ ਵਿਦੇਸ਼ਾਂ ਵਿੱਚ ਵੱਸਦੇ ਹਨ, ਉਨ੍ਹਾਂ ਦੇ ਬੱਚੇ, ਪਰਿਵਾਰ ਅਤੇ ਆਉਣ ਵਾਲੀਆਂ ਪੀੜੀਆਂ ਗੁਰਬਾਣੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਿਤਾਬ ਨੂੰ ਲਿੱਖਣ ਦਾ ਇੱਕ ਮਕਸਦ ਇਹ ਵੀ ਸੀ ਕਿ ਅਕਸਰ ਜਦੋਂ ਇਨਸਾਨ ਇਹ ਸੰਸਾਰ ਛੱਡ ਜਾਂਦਾ ਹੈ, ਤਾਂ ਲੋਕ ਉਸ ਨੂੰ ਕੁੱਝ ਸਮੇਂ ਵਿੱਚ ਭੁੱਲ ਜਾਂਦੇ ਹਨ, ਪਰ ਇਸ ਕਿਤਾਬ ਦੇ ਰਾਹੀਂ ਲੋਕ ਉਨ੍ਹਾਂ ਨੂੰ ਯਾਦ ਰੱਖਣਗੇ।