ਜਲੰਧਰ: ਪੰਜਾਬ ਵਿੱਚ ਜਿਸ ਤਰ੍ਹਾਂ ਹੌਲੀ-ਹੌਲੀ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਅਤੇ ਹਾਲਾਤ ਠੀਕ ਹੋ ਰਹੇ ਹਨ। ਇਸ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਉਨ੍ਹਾਂ ਵਿਦਿਆਰਥੀਆਂ ਦੀ ਉਮੀਦ ਜਾਗੀ ਹੈ ਜੋ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ।
ਇਸ ਪੂਰੇ ਮਾਮਲੇ ਵਿੱਚ ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਪੰਜਾਬ ਦਾ ਤਕਰੀਬਨ 90 ਫੀਸਦ ਵਿਦਿਆਰਥੀ ਵਿਦੇਸ਼ ਵਿੱਚ ਜਾ ਕੇ ਪੜ੍ਹਨਾ ਚਾਹੁੰਦਾ ਹੈ। ਜਿਸ ਵਿੱਚ ਸਭ ਤੋਂ ਜ਼ਿਆਦਾ ਵਿਦਿਆਰਥੀ ਅਮਰੀਕਾ ਵਿੱਚ ਜਾਂਦੇ ਹਨ। ਜਿਨ੍ਹਾਂ ਦੀ ਗਿਣਤੀ ਤਕਰੀਬਨ ਢਾਈ ਲੱਖ ਦੇ ਨੇੜੇ ਹੁੰਦੀ ਹੈ। ਇਸ ਤੋਂ ਬਾਅਦ ਦੂਸਰਾ ਨੰਬਰ ਕੈਨੇਡਾ ਦਾ ਆਉਂਦਾ ਹੈ ਜਿੱਥੇ ਹਰ ਸਾਲ ਕਰੀਬ ਡੇਢ ਲੱਖ ਵਿਦਿਆਰਥੀ ਪੜ੍ਹਾਈ ਕਰਨ ਲਈ ਪਹੁੰਚਦੇ ਹਨ। ਇਸ ਦੇ ਨਾਲ ਲੱਖਾਂ ਦੀ ਗਿਣਤੀ ਵਿੱਚ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਲੋਕ ਪੜ੍ਹਾਈ ਲਈ ਜਾਂਦੇ ਹਨ।
ਇਹ ਵੀ ਪੜ੍ਹੋ:Farmers Protest: ਕਿਸਾਨਾਂ ਉੱਤੇ ਲੱਗੇ ਦਿੱਲੀ ਪੁਲਿਸ ਦੇ 2 ASI ਨਾਲ ਕੁੱਟਮਾਰ ਦੇ ਇਲਜ਼ਾਮ
ਇਮੀਗ੍ਰੇਸ਼ਨ ਐਕਸਪਰਟ ਅਰਵਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਮਾਮਲੇ ਘੱਟਣ ਅਤੇ ਹਾਲਾਤ ਠੀਕ ਹੋਣ ਦੇ ਨਾਲ-ਨਾਲ ਹੁਣ ਅਮਰੀਕਾ ਦੇ ਨਾਲ-ਨਾਲ ਹੋਰ ਦੇਸ਼ਾਂ ਦੀਆਂ ਅੰਬੈਸੀਆਂ ਵੀ ਹੌਲੀ-ਹੌਲੀ ਦੇਸ਼ ਵਿੱਚ ਖੁੱਲ੍ਹ ਰਹੀਆਂ ਹਨ। ਉਮੀਦ ਹੈ ਕਿ ਇਸ ਮਹੀਨੇ ਦੇ ਅਖੀਰ ਤੱਕ ਸਭ ਠੀਕ ਹੋ ਜਾਵੇਗਾ ਅਤੇ ਜ਼ਿਆਦਾਤਰ ਐਂਬੈਸੀਆਂ ਖੁੱਲ੍ਹ ਜਾਣਗੀਆਂ। ਇਸ ਨਾਲ ਪੰਜਾਬ ਵਿੱਚੋਂ ਸਤੰਬਰ ਅਕਤੂਬਰ ਇਨਟੇਕ ਵਿੱਚ ਜਾਣ ਵਾਲੇ ਵਿਦਿਆਰਥੀ ਵਿਦੇਸ਼ ਵਿੱਚ ਜਾ ਕੇ ਆਪਣੀ ਪੜ੍ਹਾਈ ਮੁਕੰਮਲ ਕਰ ਸਕਣਗੇ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਇਹ ਕਿਹਾ ਹੈ ਕਿ ਜੋ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਉਹ ਜਲਦ ਤੋਂ ਜਲਦ ਆਪਣਾ ਪ੍ਰੋਸੈਸ ਪੂਰਾ ਕਰਨ ਤਾਂ ਕਿ ਸਤੰਬਰ ਇੰਟੇਕ ਵਿੱਚ ਜਾਣ ਲਈ ਉਸ ਸਮੇਂ ਸਭ ਆਪਣੀ ਤਿਆਰੀ ਕਰ ਸਕਣ।
ਇਸ ਦੇ ਨਾਲ ਨਾਲ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪਿਛਲੇ ਕਰੀਬ ਡੇਢ ਸਾਲ ਤੋਂ ਹਾਲਾਤ ਕਾਫੀ ਖਰਾਬ ਰਹੇ ਹਨ ਜਿਸ ਕਰਕੇ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹੁਣ ਹਾਲਾਤ ਠੀਕ ਹੋ ਰਹੇ ਹਨ ਹੁਣ ਲੱਗਦਾ ਹੈ ਕਿ ਵਿਦੇਸ਼ ਵਿੱਚ ਜਾ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਸੁਪਨਾ ਜਲਦ ਹੀ ਪੂਰਾ ਹੋ ਜਾਵੇਗਾ।