ਜਲੰਧਰ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਅੱਜ 51ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨ ਅੰਦੋਲਨ ਦਰਮਿਆਨ ਦਿੱਲੀ ਵਿੱਚ 26 ਜਨਵਰੀ ਦੀ ਪਰੇਡ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਹੈ ਜਿਸ ਦੀ ਕਿਸਾਨ ਤਿਆਰੀਆਂ ਕਰ ਰਹੇ ਹਨ। ਟਰੈਕਟਰ ਪਰੇਡ ਵਿੱਚ ਹਿੱਸਾ ਲੈਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਟਰੈਕਟਰ ਸਮੇਤ ਦਿੱਲੀ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ। ਟਰੈਕਟਰਾਂ ਨੂੰ ਦਿੱਲੀ ਵਿੱਚ ਲੈ ਕੇ ਜਾਣ ਲਈ ਉਨ੍ਹਾਂ ਦੀ ਰੂਪ ਰੇਖਾ ਨੂੰ ਬਦਲਿਆ ਜਾ ਰਿਹਾ ਹੈ। ਜਲੰਧਰ ਦੇ ਪਿੰਡ ਪਡਿਆਣਾ ਦੇ ਕਿਸਾਨ ਨੇ ਟਰੈਕਟਰ ਪਰੇਡ ਲਈ ਆਪਣੇ ਟਰੈਕਟਰ ਨੂੰ ਸੰਦੌੜ ਅਤੇ ਮੋਡੀਫਾਈ ਕਰ ਦਿੱਤਾ ਹੈ।
ਕਿਸਾਨ ਅਮਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਹ 26 ਨਵੰਬਰ ਨੂੰ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਧਰਨਾ ਪ੍ਰਦਰਸ਼ਨ ਕਰਨ ਲ਼ਈ ਜਾ ਰਹੇ ਸੀ ਉਸ ਵੇਲੇ ਹਰਿਆਣਾ ਦੀ ਖੱਟਰ ਸਰਕਾਰ ਨੇ ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ 'ਤੇ ਪਾਣੀ ਦੀਆਂ ਬੁਛਾੜਾ ਮਾਰੀਆਂ, ਅਥੱਰੂ ਗੈੱਸ ਦੇ ਗੋਲੇ ਛੱਡੇ ਅਤੇ ਪੁਲਿਸ ਮੁਲਾਜ਼ਮਾਂ ਨੇ ਡੰਡੇ ਮਾਰੇ। ਜਿਸ ਨਾਲ ਕਈ ਕਿਸਾਨ ਬਹੁਤ ਹੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਵਾਰ ਅਜਿਹੇ ਕੁਝ ਨਾ ਹੋਵੇ ਇਸ ਲਈ ਉਹ ਇਨ੍ਹਾਂ ਹਮਲਿਆਂ ਤੋਂ ਬਚਣ ਲਈ ਟਰੈਕਟਰ ਨੂੰ ਮੋਡੀਫਾਈ ਕੀਤਾ ਹੈ।
26 ਜਨਵਰੀ ਦੀ ਟਰੈਕਟਰ ਪਰੇਡ ਉੱਤੇ ਜਾਣ ਲਈ ਉਨ੍ਹਾਂ ਨੇ ਆਪਣੇ ਟਰੈਕਟਰ ਨੂੰ ਇਸ ਤਰ੍ਹਾਂ ਤਿਆਰ ਕਰਵਾਇਆ ਹੈ ਕਿ ਨਾ ਸਿਰਫ਼ ਡਰਾਈਵਰ ਬਲਕਿ ਉਸ ਨਾਲ ਵਹਿਣ ਵਾਲੇ ਛੇ ਲੋਕਾਂ ਨੂੰ ਉੱਤੇ ਪਾਣੀ ਦੀ ਬੌਛਾਰ ਦਾ ਕੋਈ ਅਸਰ ਨਾ ਹੋਵੇ ਅਤੇ ਨਾ ਹੀ ਕਿਸੇ ਆਂਸੂ ਗੈਸ ਦੇ ਗੋਲੇ ਦਾ। ਉਨ੍ਹਾਂ ਮੁਤਾਬਕ ਉਨ੍ਹਾਂ ਵੱਲੋਂ ਇਹ ਟਰੈਕਟਰ ਨਾ ਸਿਰਫ਼ ਬਖ਼ਤਰਬੰਦ ਬਣਾਇਆ ਗਿਆ ਹੈ ਬਲਕਿ ਟਰੈਕਟਰ ਦੇ ਅੱਗੇ ਲਗਾਈਆਂ ਜਾਣ ਵਾਲੀਆਂ ਫਲੈਕਸਾਂ ਨਾਲ ਇਹ ਬੇਹੱਦ ਖੂਬਸੂਰਤ ਵੀ ਨਜ਼ਰ ਆਵੇਗਾ।