ਜਲੰਧਰ: ਫਿਲੌਰ ਲਗਾਤਾਰ ਨਸ਼ਿਆਂ ਦੇ ਕਾਰਨ ਸੁਰਖੀਆਂ 'ਚ ਬਣਿਆ ਹੋਇਆ ਹੈ। ਜਿੱਥੇ ਪੰਜਾਬ ਪੁਲਿਸ ਅਕਾਦਮੀ ਦੇ ਪੁਲਿਸ ਮੁਲਾਜ਼ਮ ਇਸ ਨਸ਼ੇ ਦੀ ਗ੍ਰਿਫ਼ਤ 'ਚ ਆ ਕੇ ਸਲਾਖ਼ਾਂ ਪਿੱਛੇ ਪਹੁੰਚ ਗਏ ਹਨ। ਉੱਥੇ ਹੀ ਲਗਾਤਾਰ ਫਿਲੌਰ ਦੇ ਪਿੰਡਾਂ 'ਚ ਨਸ਼ਾ ਵੇਚਣ ਵਾਲਿਆਂ ਦੀਆਂ ਵਾਇਰਲ ਵੀਡੀਓ ਨੇ ਵੀ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਿਰਕਿਰੀ ਕਰਵਾਈ ਹੋਈ ਹੈ। ਹੁਣ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਫਿਲੌਰ ਦੇ ਨਜ਼ਦੀਕ ਪੈਂਦੇ ਮੁਹੱਲਾ ਕਲਸੀ ਨਗਰ ਵਿਖੇ ਕੁੱਝ ਲੋਕਾਂ ਨੇ ਇਕ ਨੌਜਵਾਨ ਨੂੰ ਸੜਕ 'ਤੇ ਪਏ ਦੇਖਿਆ। ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ 'ਚੋਂ ਕੁੱਝ ਨਸ਼ੀਲੇ ਪਦਾਰਥ ਵੀ ਮਿਲੇ ਹਨ।
ਦੇਖਣ ਨੂੰ ਇੰਝ ਲੱਗ ਰਿਹਾ ਸੀ ਕਿ ਉਸ ਨੇ ਨਸ਼ੇ ਦੀ ਓਵਰਡੋਜ਼ ਲਈ ਹੋਵੇ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਫਿਲੌਰ ਦੇ ਏ. ਐੱਸ. ਆਈ. ਵਿਜੈ ਕੁਮਾਰ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ 22-23 ਸਾਲਾ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੇ ਨੀਲੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਪੈਂਟ ਅਤੇ ਕੰਨ ਵਿੱਚ ਬਾਲੀ ਪਾਈ ਹੋਈ ਹੈ।
ਉਸ ਦੇ ਮੂੰਹ ਵਿੱਚੋਂ ਝੱਗ ਅਤੇ ਨੱਕ ਵਿੱਚੋਂ ਖ਼ੂਨ ਆ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਜੇਬ 'ਚੋਂ ਰੁਮਾਲ ਮਿਲਿਆ, ਜਿਸ 'ਚ ਕੁੱਝ ਨਸ਼ੀਲੇ ਪਦਾਰਥ ਵੀ ਪਾਏ ਗਏ ਹਨ। ਮ੍ਰਿਤਕ ਦੀ ਪਛਾਣ ਨਾ ਹੋਣ ਕਾਰਨ ਲਾਸ਼ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਖੇ 72 ਘੰਟੇ ਲਈ ਸ਼ਨਾਖਤ ਕਰਨ ਲਈ ਰੱਖ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਫਿਲੌਰ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੋਸ਼ਲ ਮੀਡੀਆ 'ਤੇ ਨਸ਼ਾ ਵੇਚਣ ਦੀਆਂ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਦ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਨਸ਼ੇ ਨੂੰ ਠੱਲ੍ਹ ਪਾਉਣ ਲਈ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਫਿਲੌਰ ਪੁਲਿਸ ਇਨ੍ਹਾਂ ਵਾਇਰਲ ਵੀਡੀਓ ਦੇ ਆਧਾਰ 'ਤੇ ਨਸ਼ੇ ਨੂੰ ਠੱਲ੍ਹ ਪਾ ਸਕੇਗੀ ਜਾਂ ਨਹੀਂ।
ਇਹ ਵੀ ਪੜ੍ਹੋ: ਜਾਤੀ ਅਧਾਰਤ ਜਨਗਣਨਾ ਦੀ ਮੰਗ ਨੂੰ ਲੈ ਕੇ ਅੱਜ ਭਾਰਤ ਬੰਦ