ਜਲੰਧਰ : ਜਲੰਧਰ ਵਿੱਚ ਜਿਮਨੀ ਚੋਣਾਂ ਨੂੰ ਲੈਕੇ ਸਿਆਸੀ ਪਾਰਾ ਗਰਮਾਇਆ ਹੋਇਆ ਹੈ। ਅੱਜ ਜਲੰਧਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣਾ ਨੂੰ ਲੈਕੇ ਆਪਣਾ ਮੁੱਖ ਦਫਤਰ ਖੋਲਿਆ ਗਿਆ ਹੈ। ਜ਼ਿਲ੍ਹੇ ਵਿੱਚ ਉਪ ਚੋਣਾਂ ਨੂੰ ਲੈ ਕੇ ਸਭ ਰਾਜਨੀਤਿਕ ਪਾਰਟੀਆਂ ਅਤੇ ਵੱਲੋਂ ਆਪਣੀ ਕਮਰ ਕੱਸ ਲਈ ਗਈ ਹੈ ਅਤੇ ਹਰ ਰਾਜਨੀਤਕ ਪਾਰਟੀ ਇਸ ਉਮੀਦ ਨਾਲ ਦਿਖਦੀ ਨਜ਼ਰ ਆ ਰਹੀ ਹੈ ਕਿ ਉਹਨਾਂ ਦੀ ਪਾਰਟੀ ਇਸ ਚੋਣਾਂ ਨੂੰ ਜਿੱਤੇਗੀ।
ਨਵਜੋਤ ਸਿੱਧੂ 'ਤੇ ਬੋਲਿਆ ਆਪ ਆਗੂ : ਮੀਡੀਆ ਨਾਲ ਗੱਲਬਾਤ ਦੌਰਾਨ ਆਪ ਆਗੂ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਜਲੰਧਰ ਵਿੱਚ ਜਿਮਨੀ ਚੋਣਾਂ ਨੂੰ ਲੈਕੇ ਮੁੱਖ ਦਫਤਰ ਖੋਲਿਆ ਗਿਆ ਹੈ। ਫਿਲਹਾਲ ਆਪ ਦਾ ਉਮੀਦਵਾਰ ਚੋਣ ਨਿਸ਼ਾਨ ਝਾੜੂ ਹੀ ਹੈ। ਜਲਦ ਆਮ ਆਦਮੀ ਪਾਰਟੀ ਉਮੀਦਵਾਰ ਦਾ ਨਾਮ ਦੱਸੇਗੀ। ਉਥੇ ਹੀ ਕੱਲ੍ਹ ਨਵਜੋਤ ਸਿੰਘ ਸਿੱਧੂ ਵੱਲੋਂ ਵਿਰੋਧੀ ਧਿਰਾਂ ਉੱਤੇ ਚੁੱਕੇ ਸਵਾਲ ਉੱਤੇ ਵੀ ਉਨ੍ਹਾਂ ਵਲੋਂ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਕਿਹਾ ਜਿਹੜਾ ਬੰਦਾ ਕਿਸੇ ਵਿਭਾਗ ਦਾ ਮੰਤਰੀ ਰਹਿ ਕੇ ਵੀ ਲੋਕਾਂ ਦਾ ਭਲਾ ਨਹੀਂ ਕਰ ਸਕਿਆ, ਉਹ ਅੱਗੇ ਕੀ ਕਰੇਗਾ। ਇਹਨੂੰ ਸਿਰਫ ਗੱਲਾ ਦਾ ਕੜਾ ਬਣਾਉਣਾ ਕਹਿੰਦੇ ਹਨ।
ਇਹ ਵੀ ਪੜ੍ਹੋ : Road Accident Ferozepur: ਸੜਕ ਹਾਦਸੇ 'ਚ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਇਸੇ ਤਰ੍ਹਾ ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਆਪ ਸਰਕਾਰ ਜੋਂ ਕਰ ਰਹੀ ਹੈ ਉਹ ਆਮ ਲੋਕਾਂ ਲਈ ਠੀਕ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਮਨ ਕਾਨੂੰਨ ਅਤੇ ਸ਼ਾਂਤੀ ਬਣਾ ਕੇ ਰੱਖਣ ਨੂੰ ਲੈ ਕੇ ਲਗਾਤਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲੋਕ ਹਿੱਤ ਵਿੱਚ ਹੀ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਅੱਗੇ ਵੀ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣੀ ਰਹੇ ਇਸ ਨੂੰ ਲੈ ਕੇ ਲਗਾਤਾਰ ਉਨ੍ਹਾਂ ਦੀ ਸਰਕਾਰ ਕੰਮ ਕਰਦੀ ਰਹੇਗੀ।
ਇਹ ਵੀ ਯਾਦ ਰਹੇ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ 10 ਮਈ ਨੂੰ ਹੋਣ ਜਾ ਰਹੀ ਜਲੰਧਰ ਲੋਕ ਸਭਾ ਹਲਕਾ ਦੀ ਉਪ ਚੋਣ ਸਬੰਧੀ ਸੰਬੰਧੀ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੁੱਚੀ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਹੈ।
ਜ਼ਿਲ੍ਹੇ ਵਿੱਚ ਕੁੱਲ 1618512 ਵੋਟਰ : ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1618512 ਵੋਟਰ ਹਨ, ਜਿਨ੍ਹਾਂ ਵਿੱਚ 843299 ਪੁਰਸ਼, 775173 ਮਹਿਲਾ ਅਤੇ 40 ਥਰਡ ਜੈਂਡਰ ਵੋਟਰ ਸ਼ਾਮਲ ਹਨ। ਇਸੇ ਤਰ੍ਹਾਂ 80 ਸਾਲ ਤੋਂ ਵੱਧ ਉਮਰ ਵਾਲੇ 32668 ਵੋਟਰ, 100 ਸਾਲ ਤੋਂ ਵੱਧ ਉਮਰ ਵਾਲੇ 444 ਵੋਟਰ, 18 ਤੋਂ 19 ਸਾਲ ਵਾਲੇ 23649 ਨੌਜਵਾਨ ਵੋਟਰ, 10526 ਦਿਵਿਆਂਗ ਵੋਟਰ, 73 ਐਨ.ਆਰ.ਆਈ. ਵੋਟਰ, 1852 ਸਰਵਿਸ ਵੋਟਰ ਸ਼ਾਮਲ ਹਨ। ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ 1972 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 738 ਸ਼ਹਿਰੀ ਅਤੇ 1234 ਦਿਹਾਤੀ ਇਲਾਕੇ ਵਿੱਚ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸੌ ਫੀਸਦੀ ਪੋਲਿੰਗ ਬੂਥਾਂ ਦੀ ਵੈਬ ਕਾਸਟਿੰਗ ਕੀਤੀ ਜਾਵੇਗੀ। ਇਨ੍ਹਾਂ ਪੋਲਿੰਗ ਸਟੇਸ਼ਨਾਂ ਵਿੱਚ 44 ਮਾਡਲ ਪੋਲਿੰਗ ਸਟੇਸ਼ਨਾਂ ਦੇ ਨਾਲ-ਨਾਲ ਹਰੇਕ ਵਿਧਾਨ ਸਭਾ ਹਲਕੇ ਵਿੱਚ ਮਹਿਲਾਵਾਂ ਨੂੰ ਸਮਰਪਿਤ 1 ਵਿਸ਼ੇਸ਼ ਪੋਲਿੰਗ ਸਟੇਸ਼ਨ ਵੀ ਸਥਾਪਤ ਕੀਤਾ ਹੋਵੇਗਾ। ਜਦਕਿ ਦਿਵਿਆਂਗ ਵਿਅਕਤੀਆਂ ਵੱਲੋਂ ਸਥਾਨਕ ਪਿੰਗਲਵਾੜਾ ਵਿਖੇ ਵਿਸ਼ੇਸ਼ ਤੌਰ ’ਤੇ ਪੋਲਿੰਗ ਸਟੇਸ਼ਨ ਨੂੰ ਚਲਾਇਆ ਜਾਵੇਗਾ। ਜ਼ਿਲ੍ਹੇ ਵਿੱਚ 184 ਸੁਪਰਵਾਈਜ਼ਰ ਅਤੇ 1972 ਬੂਥ ਲੈਵਲ ਅਫ਼ਸਰ ਤਾਇਨਾਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 18 ਤੋਂ 19 ਸਾਲ ਉਮਰ ਵਰਗ ਦੇ 23649 ਵੋਟਰ ਹਨ ਅਤੇ ਜੇਕਰ 18 ਸਾਲ ਉਮਰ ਵਰਗ ਦਾ ਕੋਈ ਵੀ ਨੌਜਵਾਨ ਵੋਟ ਬਣਾਉਣ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਲੋੜੀਂਦੀ ਪ੍ਰਕਿਰਿਆ ਪੂਰੀ ਕਰਕੇ ਨਾਮਜ਼ਦਗੀਆਂ ਲਈ ਅੰਤਿਮ ਮਿਤੀ 20 ਅਪ੍ਰੈਲ ਤੱਕ ਆਪਣੀ ਵੋਟ ਬਣਵਾ ਸਕਦਾ ਹੈ।