ਜਲੰਧਰ:ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਪਿਛਲੇ 10 ਦਿਨਾਂ ਤੋਂ ਚੱਲ ਰਹੇ ਸੁਰਜੀਤ ਹਾਕੀ ਟੂਰਨਾਮੈਂਟ ਦਾ ਅੱਜ ਫਾਈਨਲ ਮੈਚ ਸਮਾਪਤ ਹੋ ਗਿਆ। ਅੱਜ ਟੂਰਨਾਮੈਂਟ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਇੰਡੀਅਨ ਆਇਲ ਦੀ ਟੀਮ ਨੂੰ ਹਰਾ ਕੇ ਟਰਾਫੀ 'ਤੇ ਆਪਣਾ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਜੇਤੂ ਟੀਮ ਨੂੰ ਸਾਢੇ ਪੰਜ ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਓਲੰਪੀਅਨ ਸੁਰਜੀਤ ਸਿੰਘ ਦੇ ਨਾਮ 'ਤੇ ਕਰਵਾਏ ਜਾਣ ਵਾਲੇ ਸੁਰਜੀਤ ਸਿੰਘ ਟੂਰਨਾਮੈਂਟ ਜਲੰਧਰ ਵਿੱਚ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਕਰਵਾਇਆ ਗਿਆ। 10 ਤਰੀਕ ਨੂੰ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਦੇਸ਼ ਦੀਆਂ 13 ਅਲੱਗ-ਅਲੱਗ ਟੀਮਾਂ ਨੇ ਹਿੱਸਾ ਲਿਆ। ਸ਼ੁੱਕਰਵਾਰ ਨੂੰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ ਖੇਡੇ ਗਏ ਸੀ। ਜਿਸ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਆਰਮੀ ਇਲੈਵਨ ਦੀ ਟੀਮ ਨੂੰ ਪੰਜ-ਚਾਰ ਨਾਲ ਹਰਾਇਆ ਸੀ ਉਧਰ ਦੂਸਰੇ ਪਾਸੇ ਇੰਡੀਅਨ ਆਇਲ ਦੀ ਟੀਮ ਨੇ ਪੰਜਾਬ ਪੁਲਿਸ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।
ਅੱਜ ਟੂਰਨਾਮੈਂਟ ਦੇ ਆਖਰੀ ਦਿਨ ਖੇਡੇ ਗਏ ਫਾਈਨਲ ਮੈਚ ਵਿੱਚ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਬਤੌਰ ਮੁੱਖ ਮਹਿਮਾਨ ਪੁੱਜੇ ਅਤੇ ਉਨ੍ਹਾਂ ਨੇ ਸੁਰਜੀਤ ਸਿੰਘ ਸੁਸਾਇਟੀ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਅਤੇ ਨਾਲ ਹੀ ਕਿਹਾ ਕਿ ਸਰਕਾਰ ਛੇਤੀ ਹੀ ਇਸ ਸਟੇਡੀਅਮ ਲਈ ਐਸਟ੍ਰੋਟਰਫ਼ ਮੰਗਵਾ ਕੇ ਇਸ ਨੂੰ ਦਰੁਸਤ ਕਰਵਾਵੇਗੀ। ਉਨ੍ਹਾਂ ਕਿਹਾ ਕਿ ਜਲੰਧਰ ਇੱਕ ਸਪੋਰਟਸ ਸਿਟੀ ਹੈ ਅਤੇ ਇਸ ਨੂੰ ਸਪੋਰਟਸ ਸਿਟੀ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇਗਾ।
ਉਧਰ ਅੱਜ ਫਾਈਨਲ ਮੈਚ ਵਿੱਚ ਜੇਤੂ ਟੀਮ ਦੇ ਕਪਤਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਦੀ ਟੀਮ ਨੇ ਗਿਆਰਵੀਂ ਵਾਰ ਇਸ ਟੂਰਨਾਮੈਂਟ ਨੂੰ ਜਿੱਤਿਆ।
ਇਹ ਵੀ ਪੜੋ : ਪੀਐਮ ਮੋਦੀ ਘਰ ਪੁੱਜੇ ਬਾਲੀਵੁੱਡ ਸਿਤਾਰੇ, ਮੋਦੀ ਨੇ ਕੀਤੀ ਕਲਾਕਾਰਾਂ ਨੂੰ ਇਹ ਖ਼ਾਸ ਅਪੀਲ
ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਨੂੰ ਕਰਵਾਉਣ ਦੇ ਨਾਲ ਨਾਲ ਸੁਰਜੀਤ ਹਾਕੀ ਸਟੇਡੀਅਮ ਖਿਡਾਰੀਆਂ ਅਤੇ ਦਰਸ਼ਕਾਂ ਲਈ ਕਈ ਤਰੀਕੇ ਦੇ ਇਨਾਮ ਵੀ ਰੱਖਦੀ ਹੈ ਅਤੇ ਅੱਜ ਵੀ ਲੱਕੀ ਡਰਾਅ ਦੇ ਜ਼ਰੀਏ ਦਰਸ਼ਕਾਂ ਨੂੰ ਕਈ ਤਰੀਕੇ ਦੇ ਇਨਾਮ ਦਿੱਤੇ ਗਏ।