ਜਲੰਧਰ: ਜ਼ਿਲ੍ਹੇ 'ਚੋਂ ਤਿੰਨ ਵਿਅਕਤੀਆਂ ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਤਿੰਨੋਂ ਵਿਅਕਤੀ ਕੋਰੋਨਾ ਵਾਇਰਸ ਨਾਲ ਮਰੇ ਬਲਦੇਵ ਸਿੰਘ ਦੇ ਸੰਪਰਕ 'ਚ ਆਏ ਸਨ। ਇਨ੍ਹਾਂ ਮਰੀਜ਼ਾਂ 'ਚ ਕੋਰੋਨਾ ਦੇ ਕੁੱਝ ਲਛਣਾਂ ਨੂੰ ਵੇਖਦਿਆਂ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ।
ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਅਗਵਾਈ ਵਾਲੀ ਮੈਡੀਕਲ ਟੀਮ ਵੱਲੋਂ ਸਿਵਲ ਹਸਪਤਾਲ ਵਿਖੇ 14 ਦਿਨਾਂ ਤੱਕ ਇਨ੍ਹਾਂ ਮਰੀਜਾਂ ਦਾ ਇਲਾਜ ਕੀਤਾ ਗਿਆ। ਇਲਾਜ ਉਪਰੰਤ ਮੁੜ ਤੋਂ ਸੈਂਪਲ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 6 ਅਪ੍ਰੈਲ ਨੂੰ ਭੇਜੇ ਗਏ ਸਨ ਜਿਨਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ।
ਰਿਪੋਰਟ ਆਉਣ ਤੋਂ ਬਾਅਦ ਤਿੰਨਾਂ ਵਿਅਕਤੀਆਂ ਨੇ ਮੈਡੀਕਲ ਅਤੇ ਪੈਰਾ ਮੈਡੀਕਲ ਅਮਲੇ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਡਰ ਛੱਡ ਜਾਂਚ ਕਰਵਾਉਣ ਅਤੇ ਘਰ ਰਹੋ ਸੁਰੱਖਿਅਤ ਰਹੋ ਦੀ ਵੀ ਗੱਲ ਆਖੀ ਹੈ।