ਜਲੰਧਰ: ਟੋਕੀਓ ਓਲੰਪਿਕ (Tokyo Olympics) ਲਈ ਚੁਣੀ ਗਈ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ (Manpreet Singh) ਜਲੰਧਰ ਦੇ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ।ਜਿਨ੍ਹਾਂ ਦਾ ਜਨਮ ਇਕ ਸਾਧਾਰਨ ਪਰਿਵਾਰ ਵਿੱਚ 26 ਜੂਨ 1992 ਨੂੰ ਹੋਇਆ।
ਪਿਤਾ ਬਲਜੀਤ ਸਿੰਘ ਜੋ ਕਿ ਮਿਲਕ ਪਲਾਂਟ ਵਿਖੇ ਕੰਮ ਕਰਦੇ ਸੀ ਬਤੌਰ ਤਨਖਾਹ ਮਨਪ੍ਰੀਤ ਦੀ ਮਾਤਾ ਜੀ ਨੂੰ ਹਰ ਮਹੀਨੇ 440 ਰੁਪਏ ਦਿੰਦੇ ਸੀ ਜਿਸ ਵਿੱਚ ਮਨਪ੍ਰੀਤ ਦੀ ਮਾਤਾ ਮਨਜੀਤ ਕੌਰ ਤਿੰਨਾਂ ਪੁੱਤਰਾਂ ਦੇ ਪਾਲਣ ਪੋਸ਼ਣ ਸਮੇਤ ਪੂਰੇ ਘਰ ਦਾ ਖਰਚ ਚਲਾਉਂਦੀ ਸੀ। ਮਨਪ੍ਰੀਤ ਦੇ ਵੱਡੇ ਭਰਾ ਅਮਨਦੀਪ ਸਿੰਘ ਅਤੇ ਸੁਖਰਾਜ ਸਿੰਘ ਹਾਕੀ ਖੇਡਣ ਮਿੱਠਾਪੁਰ ਦੇ ਸਟੇਡੀਅਮ ਵਿਖੇ ਜਾਂਦੇ ਸੀ । ਹੌਲੀ ਹੌਲੀ ਇਹ ਖੇਡਣ ਦੀ ਚੇਟਕ ਮਨਪ੍ਰੀਤ ਨੂੰ ਵੀ ਲੱਗ ਗਈ। ਪਰ ਮਨਪ੍ਰੀਤ ਦੀ ਮਾਤਾ ਮਨਜੀਤ ਕੌਰ ਨਹੀਂ ਚਾਹੁੰਦੇ ਸੀ ਕਿ ਉਨ੍ਹਾਂ ਦਾ ਇਹ ਬੇਟਾ ਵੀ ਹਾਕੀ ਖੇਡੇ ਕਿਉਂਕਿ ਇਸ ਨੂੰ ਹਾਕੀ ਖਿਡਾਉਣ ਅਤੇ ਇਸ ਖੇਡ ਤੇ ਆਉਣ ਵਾਲੇ ਖਰਚੇ ਲਈ ਉਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਸੀ।
ਮਨਪ੍ਰੀਤ ਦੀ ਮਾਤਾ ਜੀ ਮਨਜੀਤ ਕੌਰ ਦੱਸਦੇ ਨੇ ਕਿ ਮਨਪ੍ਰੀਤ ਦੀ ਹਾਕੀ ਖੇਡਣ ਦੀ ਜ਼ਿੱਦ ਕਰਕੇ ਉਹ ਕਈ ਵਾਰ ਉਸ ਨੂੰ ਕੁੱਟਦੇ ਵੀ ਸਨ । ਉਨ੍ਹਾਂ ਦੱਸਿਆ ਕਿ ਉਸ ਵੇਲੇ ਹਾਲਾਤ ਇੰਨੇ ਮਾੜੇ ਸੀ ਕਿ ਉਨ੍ਹਾਂ ਦੇ ਪਰਿਵਾਰ ਕੋਲ ਮਨਪ੍ਰੀਤ ਨੂੰ ਖੇਡਣ ਵਾਸਤੇ ਲੈ ਕੇ ਦੇਣ ਲਈ ਟਰੈਕ ਸੂਟ ਅਤੇ ਬੂਟ ਤੱਕ ਦੇ ਪੈਸੇ ਨਹੀਂ ਹੁੰਦੇ ਸੀ ।
ਮਨਪ੍ਰੀਤ ਦੇ ਮਾਤਾ ਦੱਸਦੇ ਹਨ ਕਿ ਉਨ੍ਹਾਂ ਦੀ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਪਹਿਲੀ ਵਾਰ ਉਦੋਂ ਆਏ ਜਦੋਂ ਮਨਪ੍ਰੀਤ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਕ ਲੀਗ ਵਾਸਤੇ ਚੁਣੇ ਗਏ ਨੇ ਜਿਸ ਲਈ ਉਸ ਨੂੰ 37 ਲੱਖ ਰੁਪਿਆ ਮਿਲਦਾ ਹੈ। ਅੱਜ ਮਨਪ੍ਰੀਤ ਕਈ ਅੰਤਰਰਾਸ਼ਟਰੀ ਟੂਰਨਾਮੈਂਟ ,ਓਲੰਪਿਕ ਅਤੇ ਕਈ ਲੀਗ ਮੈਚ ਖੇਡਣ ਤੋਂ ਬਾਅਦ ਹਾਕੀ ਦੀ ਕਪਤਾਨੀ ਦੇ ਰੂਪ ਵਿੱਚ ਉਸ ਮੁਕਾਮ ਨੂੰ ਹਾਸਿਲ ਕਰ ਚੁੱਕਿਆ ਹੈ ਜੋ ਪਿਛਲੇ ਪੱਚੀ ਵਰ੍ਹਿਆਂ ਵਿੱਚ ਜਲੰਧਰ ਦੇ ਮਿੱਠਾਪੁਰ ਧਰਤੀ ਤੋਂ ਕੋਈ ਵੀ ਹਾਸਿਲ ਨਹੀਂ ਕਰ ਪਾਇਆ ।
ਇਹ ਵੀ ਪੜ੍ਹੋ:3 ਸਾਲਾਂ ’ਚ 187 ਮੈਡਲ ਜਿੱਤਣ ਵਾਲੇ ਖਿਡਾਰੀ ਦੀ ਸਰਕਾਰ ਨੂੰ ਅਪੀਲ