ਜਲੰਧਰ: ਕਾਬਲੀਅਤ ਕਿਸੇ ਉਮਰ ਦੀ ਮੁਹਤਾਜ ਨਹੀਂ ਹੁੰਦੀ ਸਿਰਫ਼ ਉਸ ਨੂੰ ਨਿਖਾਰਨ ਦੀ ਜ਼ਰੂਰਤ ਹੁੰਦੀ ਹੈ। ਇਸੇ ਤਰ੍ਹਾਂ ਆਪਣੇ ਹੁਨਰ ਨੂੰ ਨਿਖਾਰਦੇ ਹੋਏ 10 ਸਾਲ ਦੇ ਬੱਚੇ ਮਿਧਾਂਸ਼ ਗੁਪਤਾ ਨੇ ਜੋ ਕਰ ਦਿਖਾਇਆ ਹੈ, ਸ਼ਾਇਦ ਹੀ ਕੋਈ ਇਨ੍ਹੀਂ ਛੋਟੀ ਉਮਰੇ ਕਰ ਸਕੇ। ਦਰਅਸਲ ਮਿਧਾਂਸ਼ ਨੇ ਸਾਲ 2019 ਵਿੱਚ ਯੋਗਾ ਦਿਵਸ ਮੌਕੇ ਇੱਕ ਵੈਬ ਸਾਈਟ ਬਣਾਈ ਸੀ, ਜਿਸ ਦਾ ਨਾਂਅ '21thjune.com' ਰੱਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂਅ ਗਿੰਨੀਜ਼ ਬੁੱਕ ਵਿੱਚ ਵੀ ਦਰਜ ਕੀਤਾ ਗਿਆ ਹੈ।
ਮਿਧਾਂਸ਼ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਹ ਘਰ ਵਿਹਲਾ ਬੈਠਾ ਸੀ ਜਿਸ ਤੋਂ ਬਾਅਦ ਉਸ ਨੂੰ ਕੈਪਟਨ ਸਰਕਾਰ ਵੱਲੋਂ 'ਮਿਸ਼ਨ ਫ਼ਤਿਹ' ਮੁਹਿੰਮ ਬਾਰੇ ਪਤਾ ਚੱਲਿਆ। ਉਸ ਨੇ ਕਿਹਾ ਕਿ ਇਸੇ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਉਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵੈਬ ਸਾਈਟ ਤੇ ਇੱਕ ਵੀਡੀਓ ਤਿਆਰ ਕੀਤੀ, ਤਾਂ ਜੋ ਲੋਕ ਕੋਰੋਨਾ ਤੋਂ ਆਪਣਾ ਬਚਾਅ ਕਰ ਸਕਣ।