ਜਲੰਧਰ: ਸ਼ਹਿਰ ਵਿੱਚ ਕੋਰੋਨਾ ਵਾਇਰਸ ਦਾ ਇੱਕ ਹੋਰ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਨਿਜਾਤਮ ਨਗਰ ਦੀ ਇੱਕ 70 ਸਾਲਾ ਮਹਿਲਾ ਵਿੱਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਹੈ ਜੋ ਇਸ ਸਮੇਂ ਲੁਧਿਆਣਾ ਦੇ ਸੀਐਮਸੀ ਵਿੱਚ ਭਰਤੀ ਹੈ।
ਜਲੰਧਰ ਵਿੱਚ ਕੋਰੋਨਾ ਵਾਇਰਸ ਇਹ ਚੌਥਾ ਪਾਜ਼ੀਟਿਵ ਮਾਮਲਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਫਿਲੌਰ ਦੇ ਤਿੰਨ ਮਾਮਲੇ ਸਾਹਮਣੇ ਆਏ ਸੀ। ਹੁਣ ਜ਼ਿਲ੍ਹੇ ਵਿੱਚ ਚੌਥਾ ਮਾਮਲਾ ਸਾਹਮਣੇ ਆਉਣ ਉੱਤੇ ਪੁਲਿਸ ਹਰਕਤ ਵਿੱਚ ਆਈ ਹੈ ਅਤੇ ਨਿਜਾਤਮ ਨਗਰ ਦਾ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ।
ਜਲੰਧਰ ਸਿਹਤ ਵਿਭਾਗ ਦੇ ਨੋਡਲ ਅਫ਼ਸਰ ਟੀ ਪੀ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਮੰਗਲਵਾਰ ਨੂੰ ਤਿੰਨ ਮਾਮਲੇ ਫਿਲੌਰ ਤੋਂ ਸਾਹਮਣੇ ਆ ਚੁੱਕੇ ਹਨ ਅਤੇ ਅੱਜ ਜਲੰਧਰ ਵਿੱਚ 70 ਸਾਲਾ ਮਹਿਲਾ ਦੀ ਰਿਪੋਰਟ ਵੀ ਪਾਜ਼ੀਟਿਵ ਆ ਗਈ ਹੈ। ਫਿਲਹਾਲ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਚੁੱਕਿਆ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 32 ਮਾਮਲੇ ਪਾਜ਼ੀਟਿਵ ਪਾਏ ਗਏ ਹਨ ਜਿਨ੍ਹਾਂ ਵਿੱਚੋਂ 1 ਦੀ ਮੌਤ ਹੋ ਗਈ ਹੈ। ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ 600 ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 15 ਦੀ ਮੌਤ ਹੋ ਗਈ ਹੈ।