ਹੁਸ਼ਿਆਰਪੁਰ: ਪੰਜਾਬ ਵਿੱਚ ਕਾਂਗਰਸ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਬਣਾਉਣ ਤੋਂ ਪਹਿਲਾਂ ਸੂਬੇ ਵਿੱਚੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਦੀਆਂ ਕਸਮਾਂ ਖਾਧੀਆਂ ਸਨ। ਪਰ ਕੈਪਟਨ ਸਰਕਾਰ ਬਣਨ ਮਗਰੋਂ ਵਿੱਚ ਇਨ੍ਹਾਂ ਕਸਮਾਂ ਦੇ ਉਲਟ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।
ਹੁਸ਼ਿਆਰਪੁਰ ਦੇ ਪਿੰਡ ਖੇੜਾ ਤੋਂ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਨੂੰ ਬੌਣਾ ਸਾਬਿਤ ਕਰ ਰਹੀ ਖ਼ਬਰ ਸਾਹਮਣੇ ਆਈ ਹੈ। ਪਿੰਡ ਖੇੜਾ ਦੇ ਜੀਵਨ ਲਾਲ ਦੇ ਤਿੰਨ ਪੁੱਤਰ ਇਸ ਨਸ਼ੇ ਦੀ ਦਲਦਲ ਵਿੱਚ ਫਸ ਕੇ ਦੁਨੀਆ ਨੂੰ ਪਹਿਲਾਂ ਹੀ ਅਲਵਿਦਾ ਆਖ ਚੁੱਕੇ ਹਨ। ਹੁਣ ਜੀਵਨ ਲਾਲ ਦਾ ਤੀਜਾ ਪੁੱਤਰ ਵੀ ਨਸ਼ੇ ਦੀ ਓਵਰਡੋਜ਼ ਕਾਰਨ ਇਸ ਦੁਨੀਆ ਤੋਂ ਚਲਿਆ ਗਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਸਹੀ ਤਰ੍ਹਾਂ ਕਾਰਵਾਈ ਨਾ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ।
ਮ੍ਰਿਤਕ ਦੇ ਪਿਤਾ ਜੀਵਨ ਲਾਲ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਨਸ਼ੇ ਦੇ ਕਾਰਨ ਮਰ ਗਏ ਤੇ ਉਸ ਦਾ ਆਖਰੀ ਸਹਾਰਾ, ਉਸ ਦਾ ਤੀਜਾ ਪੁੱਤਰ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਹੈ। ਜੀਵਨ ਲਾਲ ਨੇ ਇਲਜ਼ਾਮ ਲਾਇਆ ਕਿ ਉਹ ਕਸਬਾ ਮਾਹਿਲਪੁਰ ਵਿੱਚ ਇੱਕ "ਫੌਜਣ" ਨਾਮ ਦੀ ਤਸਕਰ ਤੋਂ ਨਸ਼ਾ ਲੈ ਕੇ ਖਾ ਰਿਹਾ ਸੀ। ਉਸ ਨੂੰ ਵਾਰ-ਵਾਰ ਸਮਝਾਏ ਜਾਣ ਦੇ ਬਾਵਜੂਦ ਉਹ ਨਹੀਂ ਰੁਕਿਆ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਦੋਂ ਉਨ੍ਹਾਂ ਨਸ਼ਾ ਤਸਕਰ ਵਿਰੁੱਧ ਮਾਮਲਾ ਦਰਜ ਕਰਵਾਉਣ ਦੀ ਮੰਗ ਕੀਤੀ ਤਾਂ ਪੁਲਿਸ ਨੇ ਉਨ੍ਹਾਂ 'ਤੇ ਇਹ ਦਬਾਅ ਬਣਾਇਆ ਕਿ ਉਹ ਇਹ ਕਹਿਣ ਕਿ ਉਨ੍ਹਾਂ ਦਾ ਪੁੱਤਰ ਦਿਲ ਦੇ ਦੌਰੇ ਨਾਲ ਮਰਿਆ ਹੈ। ਜੀਵਨ ਲਾਲ ਨੇ ਕਿਹਾ ਤਕਰੀਬਨ 5 ਘੰਟੇ ਜ਼ੋਰ ਪਾਉਣ ਤੋਂ ਬਾਅਦ ਪੁਲਿਸ ਨੇ ਉਸ ਨਸ਼ਾ ਤਸਕਰ 'ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਸੂਬੇ ਵਿੱਚ ਨਸ਼ਾ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ।
ਓਧਰ ਇਸ ਮਾਮਲੇ ਵਿੱਚ ਜੀਵਨ ਲਾਲ ਦੇ ਨਾਲ ਡਟਣ ਵਾਲੇ ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਅਧਿਕਾਰੀ ਨੇ ਨਸ਼ਾ ਤਸਕਰ ਖ਼ਿਲਾਫ਼ ਮਾਮਲਾ ਦਰਜ ਕਰਨ ਵਿੱਚ ਟਾਲ-ਮਟੋਲ ਕੀਤੀ ਹੈ। ਉਸ ਤੋਂ ਪੁਲਿਸ ਅਤੇ ਨਸ਼ਾ ਤਸਕਰਾਂ ਦੀ ਸਾਂਝ ਜੱਗ-ਜ਼ਾਹਿਰ ਹੋ ਰਹੀ ਹੈ। ਉਨ੍ਹਾਂ ਕਿਹਾ ਇਸ ਪਿੰਡ ਦੇ 6 ਨੌਜਵਾਨ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਹੁਣ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਇਸ ਕੋਹੜ ਨੂੰ ਖ਼ਤਮ ਕਰਨ ਲਈ ਪੂਰਾ ਜ਼ੋਰ ਲਗਾਉਣਗੇ।
ਜਦੋਂ ਇਸ ਸਾਰੇ ਮਾਮਲੇ 'ਤੇ ਪੁਲਿਸ ਅਧਿਕਾਰੀ ਓਮ ਪ੍ਰਕਾਸ਼ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਥਾਣੇ ਵਿੱਚ ਮੌਜੂਦ ਨਾ ਹੋਣ ਦੀ ਗੱਲ ਆਖ ਕੇ ਪੱਲਾ ਝਾੜ ਲਿਆ।
ਇਸ ਸਾਰੇ ਮਾਮਲੇ ਤੋਂ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਕੈਪਟਨ ਸਰਕਾਰ ਦੇ ਨਸ਼ੇ ਨੂੰ ਖ਼ਤਮ ਕਰਨ ਦੇ ਦਾਅਵੇ ਨਿਰੇ-ਪੁਰੇ ਹਵਾਈ ਸਾਬਿਤ ਹੋ ਰਹੇੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਕੀਤੇ ਵਾਅਦਿਆਂ ਨੂੰ ਧਿਆਨ 'ਚ ਰੱਖ ਨਸ਼ੇ ਨੂੰ ਖਤਮ ਕਰਨ ਲਈ ਹੋਰ ਉਸਾਰੂ ਕਾਰਵਾਈਆਂ ਕਰਨ ਦੀ ਜ਼ਰੂਰਤ ਹੈ।