ਹੁਸ਼ਿਆਰਪੁਰ: ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਰੋਸ ਪ੍ਰਦਰਸ਼ਨ ਦਿੱਤੇ ਜਾ ਰਹੇ ਹਨ। ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਦਾਖ਼ਲ ਹੋ ਕੇ ਉੱਥੇ ਕੇਸਰੀ ਅਤੇ ਕਿਸਾਨੀ ਝੰਡਾ ਲਹਿਰਾਇਆ ਗਿਆ ਸੀ ਜਿਸ ਤੋਂ ਬਾਅਦ ਦਿੱਲੀ ’ਚ ਹਾਲਾਤ ਕਾਫੀ ਤਣਾਅਪੂਰਨ ਹੋ ਗਏ ਸਨ ਇਸ ਦੌਰਾਨ ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਅਧੀਨ ਆਉਂਦੇ ਪਿੰਡ ਲੱਲੀਆਂ ਦੇ ਨੌਜਵਾਨ ਬਘੇਲ ਸਿੰਘ ਵੱਲੋਂ ਲਾਲ ਕਿਲੇ ’ਤੇ ਝੰਡਾ ਲਹਿਰਾਏ ਜਾਣ ਦੀ ਵੀਡੀਓ ਵਾਇਰਲ ਕੀਤੀ ਗਈ ਸੀ। ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਉਕਤ ਨੌਜਵਾਨ ਦੇ ਪਿੰਡ ਜਾ ਕੇ ਘਰ ਵਾਲਿਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਨੌਜਵਾਨ ਨੇ ਕੀਤਾ ਗਲਤ ਕੰਮ- ਪੰਚ
ਇਸ ਉਪਰੰਤ ਜਦੋਂ ਪਿੰਡ ਦੀ ਇੱਕ ਮਹਿਲਾ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਲਾਲ ਕਿਲੇ ’ਤੇ ਝੰਡਾ ਲਹਿਰਾਏ ਜਾਣ ਦੀ ਘਟਨਾ ਨੂੰ ਗਲਤ ਦੱਸਦਿਆਂ ਕਿਹਾ ਕਿ ਨੌਜਵਾਨ ਬਘੇਲ ਸਿੰਘ ਕਾਫ਼ੀ ਚੰਗਾ ਨੌਜਵਾਨ ਹੈ ਪਰ 26 ਜਨਵਰੀ ਵਾਲੇ ਦਿਨ ਜੋ ਕੰਮ ਉਸ ਵੱਲੋਂ ਕੀਤਾ ਗਿਆ ਹੈ ਉਹ ਗਲਤ ਹੈ। ਇਸ ਸਬੰਧੀ ਜਦੋਂ ਏਸੀਪੀ ਤੁਸ਼ਾਰ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਨੌਜਵਾਨ ਦੇ ਘਰ ’ਚ ਕਿਸੇ ਵੀ ਤਰ੍ਹਾਂ ਦੀ ਛਾਪਾਮਾਰੀ ਨਹੀਂ ਕੀਤੀ ਗਈ ਹੈ ਸਿਰਫ਼ ਪੁੱਛ ਪੜਤਾਲ ਹੀ ਕੀਤੀ ਗਈ ਸੀ।