ਹੁਸ਼ਿਆਰਪੁਰ : ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਵਿਚ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ ਦੀ ਵੀਡਿਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਦਰਅਸਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਪਿੰਡ ਦੇ ਇਕ ਗਰੀਬ ਪਰਿਵਾਰ ਉਤੇ ਤੇਜ਼ਧਾਰ ਹਥਿਆਰਾਂ ਨਾਲ ਪੁਲਿਸ ਮੁਲਾਜ਼ਮ ਅਤੇ ਉਸਦੇ ਪਰਿਵਾਰ ਵੱਲੋਂ ਹਮਲਾ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਉਕਤ ਪੁਲਿਸ ਮੁਲਾਜ਼ਮ ਸਵਾਲਾਂ ਦੇ ਘੇਰੇ ਵਿੱਚ ਹੈ।
ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਨੇੜਲੇ ਪਿੰਡ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਪਰਿਵਾਰ ਸਮੇਤ ਇਕ ਗਰੀਬ ਦਲਿਤ ਪਰਿਵਾਰ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੀ ਵੀਡਿਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਘਟਨਾ ਹੁਸ਼ਿਆਰਪੁਰ ਦੇ ਲਾਗਲੇ ਪਿੰਡ ਬਿਲਾਸਪੁਰ ਦੀ ਹੈ ਜਿੱਥੇ ਇਕ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਗੁਆਂਢੀ ਗਰੀਬ ਦਲਿਤ ਪਰਿਵਾਰ ਉਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਉਸਨੂੰ ਰੋਕਣ ਦੀ ਥਾਂ ਉਸਦੇ ਪਰਿਵਾਰ ਵਾਲਿਆਂ ਵੀ ਉਸ ਦਾ ਸਾਥ ਦਿੰਦਿਆਂ ਗਰੀਬ ਪਰਿਵਾਰ ਉਤੇ ਹਮਲਾ ਕੀਤਾ, ਜਿਸ ਦੀ ਵੀਡਿਓ ਪਿੰਡ ਦੇ ਕਿਸੇ ਵਿਅਕਤੀ ਨੇ ਬਣਾ ਲਈ, ਜੋ ਕਿ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਹੈ।
ਹਾਲਾਂਕਿ ਪੁਲਿਸ ਵੱਲੋਂ ਪਰਿਵਾਰ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਉਕਤ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਅਧਿਕਾਰਕ ਤੌਰ ਉਤੇ ਜਦੋਂ ਤਕ ਉਕਤ ਮੁਲਾਜ਼ਮ ਖਿਲਾਫ ਜਵਾਬਦੇਹੀ ਨਹੀਂ ਹੁੰਦੀ ਓਨੀ ਦੇਰ ਪੁਲਿਸ ਦਾ ਇਹ ਦਾਅਵਾ ਹੀ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਪੁਲਿਸ ਮੁਲਾਜ਼ਮ ਅਤੇ ਉਸ ਦੇ ਪਰਿਵਾਰ ਵੱਲੋਂ ਹਮਲਾ ਕਰਨ ਤੋਂ ਬਾਅਦ ਉਕਤ ਗਰੀਬ ਪਰਿਵਾਰ ਦੇ ਜ਼ਖਮੀ ਹੋਏ ਮੈਂਬਰਾਂ ਨੂੰ ਪਿੰਡ ਵਾਲਿਆਂ ਵੱਲੋਂ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਪ੍ਰਗਟ ਸਿੰਘ ਵਜੋਂ ਹੋਈ ਏ ਅਤੇ ਓਹ ਪੀਆਰਟੀਸੀ ਵਿੱਚ ਪੁਲਿਸ ਮੁਲਾਜ਼ਮ ਹੈ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।