ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਪ੍ਰਸ਼ਾਸਨ ਨੂੰ ਸੋਮਵਾਰ ਨੂੰ ਉਸ ਵੇਲੇ ਭਾਜੜ ਪੈ ਗਈ ਜਦੋਂ ਐੱਸਐੱਸਪੀ ਨੇ ਥਾਣਾ ਮਾਹਿਲਪੁਰ ਦੇ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ। ਲੋਕਾਂ ਦੀਆਂ ਨਜ਼ਰਾਂ ’ਚ ਲਗਾਤਾਰ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਵਿਰੁੱਧ ਵੱਡੀਆਂ ਵੱਡੀਆਂ ਕਾਰਵਾਈਆਂ ਕਰਨ ਵਾਲੇ ਥਾਣਾ ਮੁਖੀ ਦੀ ਬਦਲੀ ਪਹਿਲਾਂ ਤਾਂ ਲੋਕਾਂ ਦੇ ਗਲੇ ਤੋਂ ਹੇਠਾਂ ਨਾ ਉਤਰੀ ਅਤੇ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਗਈ। ਇਸ ਵਿਚ ਥਾਣਾ ਮੁਖੀ 40,000 ਹਜ਼ਾਰ ਦੀ ਰਿਸ਼ਵਤ ਲੈ ਰਹੇ ਹਨ। ਹਾਲਾਂਕਿ ਇਸ ਵੀਡੀਓ ਨੂੰ ਥਾਣਾ ਮੁਖੀ ਨੇ ਤਿੰਨ ਸਾਲ ਪੁਰਾਣੀ ਅਤੇ ਉਧਾਰ ਦਿੱਤੇ ਪੈਸੇ ਵਾਪਸ ਲੈਂਦੇ ਹੋਏ ਦੱਸਿਆ ਹੈ। ਥਾਣਾ ਮੁਖੀ ਦਾ ਪੱਖ ਵੀਡੀਓ ਵਿਚਲੀ ਗੱਲਬਾਤ ਨਾਲ ਮੇਲ ਨਹੀਂ ਖਾਂਦਾ ਜਦੋਂਕਿ ਵੀਡੀਓ ਵਿਚ ਗੱਲਬਾਤ ਰਾਹੀਂ ਕਿਸੇ ਵਿਅਕਤੀ ਨੂੰ ਛੱਡਣ ਦੀ ਗੱਲਬਾਤ ਕੀਤੀ ਜਾ ਰਹੀ ਹੈ।
ਰਿਸ਼ਵਤ ਦੇਣ ਵਾਲੇ ਨੇ ਬਣਾਈ ਵੀਡੀਓ : ਜਾਣਕਾਰੀ ਅਨੁਸਾਰ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਈ, ਜਿਸ ਵਿਚ ਥਾਣਾ ਮੁਖੀ ਨੂੰ 40,000 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਦੇਖ਼ਿਆ ਜਾ ਸਕਦਾ ਹੈ। ਵੀਡੀਓ ਵਿਚ ਕਿਸੇ ਵਿਅਕਤੀ ਨੂੰ ਹਿਰਾਸਤ ’ਚੋਂ ਛੱਡਣ ਦੀ ਗੱਲ ਹੋ ਰਹੀ ਹੈ ਅਤੇ ਸੌਦਾ 40 ਹਜ਼ਾਰ ਵਿਚ ਤੈਅ ਹੁੰਦਾ ਹੈ। ਪੈਸੇ ਦੇਣ ਵਾਲਾ ਵਿਅਕਤੀ ਆਪਣੇ ਬਟੂਏ ’ਚੋਂ ਪੰਜ-ਪੰਜ ਸੌ ਦੇ 20 ਨੋਟ ਕੈਮਰੇ ਦੇ ਸਾਹਮਣੇ ਗਿਣ ਕੇ ਥਾਣਾ ਮੁਖੀ ਨੂੰ ਦਿੰਦਾ ਹੈ, ਜਿਸ ਨੂੰ ਲੈਣ ਤੋਂ ਉਹ ਇਹ ਕਹਿ ਕੇ ਇਨਕਾਰ ਕਰ ਦਿੰਦਾ ਹੈ ਕਿ ਪੂਰੇ ਪੈਸੇ ਦਿਓ। ਵਿਅਕਤੀ ਮੁੜ ਪੰਜ-ਪੰਜ ਸੌ ਦੇ 20 ਨੋਟ ਗਿਣ ਕੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਨੂੰ ਫੜਾਉਂਦਾ ਹੋਇਆ ਕਹਿੰਦਾ ਹੈ ਕਿ ਬਾਕੀ ਪੈਸੇ ਸਵੇਰੇ ਦੇ ਦੇਵੇਗਾ। ਪੈਸੇ ਲੈ ਕੇ ਥਾਣਾ ਮੁਖੀ ਆਪਣੀ ਪੈਂਟ ਦੀ ਪਿਛਲੀ ਜੇਬ ਵਿਚ ਰੱਖਦਾ ਹੈ।
- Gurdaspur News: ਦੀਵਾਲੀ ਮੌਕੇ ਵਿਦਿਆਰਥੀਆਂ ਨੂੰ ਅਜੀਬੋ-ਗਰੀਬ ਆਫਰ ਦੇ ਕੇ ਕਸੂਤੇ ਫਸੇ ਅਧਿਆਪਕ
- Husband Murdered his Wife: ਪੁਲਿਸ ਨੇ ਜਮਾਲਪੁਰ ਮਹਿਲਾ ਦੇ ਕਤਲ ਦਾ ਮਾਮਲਾ ਕੀਤਾ ਹੱਲ, ਪਤੀ ਹੀ ਨਿਕਲਿਆ ਕਾਤਲ, ਜਾਣ ਲਓ ਕਿਉਂ ਕੀਤੀ ਸੀ ਵਾਰਦਾਤ
- Protest Against Rampura Phul School: ਸਕੂਲ 'ਚ ਪੰਜਾਬੀ ਬੋਲਣ 'ਤੇ ਜ਼ੁਰਮਾਨਾ, ਮਾਂ ਪਿਉ ਵਲੋਂ ਰੋਸ ਪ੍ਰਦਰਸ਼ਨ, ਧਰਨੇ 'ਚ ਸ਼ਾਮਲ ਲੱਖਾ ਸਿਧਾਣਾ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਸੂਤਰਾਂ ਅਨੁਸਾਰ ਥਾਣਾ ਮੁਖੀ ਬਲਜਿੰਦਰ ਸਿੰਘ ਮੱਲ੍ਹੀ ਨੇ ਇਹ ਰਿਸ਼ਵਤ ਕਿਸੇ ਨੌਜਵਾਨ ਨੂੰ ਨਸ਼ਿਆਂ ਦੇ ਮਾਮਲੇ ਵਿਚ ਥਾਣੇ ਰੱਖਣ ਤੋਂ ਬਾਅਦ ਉਸ ਨੂੰ ਛੱਡਣ ਬਦਲੇ ਲਏ ਸਨ। ਪਤਾ ਲੱਗਾ ਹੈ ਕਿ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਤੁਰੰਤ ਬਲਜਿੰਦਰ ਸਿੰਘ ਮੱਲ੍ਹੀ ਨੂੰ ਹੁਸ਼ਿਆਰਪੁਰ ਬੁਲਾ ਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਸਬੰਧੀ ਪੁਲਿਸ ਦੇ ਵੱਡੇ ਅਧਿਕਾਰੀ ਕੁਝ ਵੀ ਬੋਲਣ ਤੋਂ ਕੰਨੀ ਕਤਰਾ ਰਹੇ ਹਨ। ਪੱਤਰਕਾਰਾਂ ਨਾਲ ਵੀ ਇਸ ਮਸਲੇ ਉੱਤੇ ਗੱਲ ਨਹੀਂ ਕੀਤੀ ਜਾ ਰਹੀ ਹੈ।