ਹੁਸ਼ਿਆਰਪੁਰ : ਸਥਾਨਕ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫ਼ਤਰ ਮਾਹਿਲਪੁਰ ਵਿਖੇ ਡੇਢ ਸਾਲ ਤੋਂ ਪੈਨਸ਼ਨ ਲੈਣ ਲਈ ਦਫ਼ਤਰ ਦੇ ਚੱਕਰ ਕੱਟ ਰਹੇ ਦਰਜਾ ਚਾਰ ਕਰਮਚਾਰੀ ਚੌਕੀਦਾਰ ਨੇ ਮਹਿਲਾ ਲੇਖਾ ਕਲਰਕ ਉਤੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਵੀ ਉਸ ਦਾ ਕੰਮ ਨਾ ਕਰਨ ਦਾ ਇਲਜ਼ਾਮ ਲਾਇਆ। ਇਸ ਸਬੰਧੀ ਚੌਕੀਦਾਰ ਨੇ ਵੀਡੀਓ ਵੀ ਜਨਤਕ ਕਰ ਕੀਤੀ ਹੈ। ਉਸ ਨੇ ਇਲਜ਼ਾਮ ਲਾਇਆ ਪੰਜ ਹਜ਼ਾਰ ਨਗਦ ਤੋਂ ਇਲਾਵਾ ਇੱਕ ਸੂਟ, ਲੱਡੂਆਂ ਦਾ ਡੱਬਾ ਅਤੇ 500 ਰੁਪਏ ਹੋਰ ਉਸ ਕੋਲੋਂ ਵਸੂਲ ਕੇ ਵੀ ਉਸ ਦੇ ਸੇਵਾ ਮੁਕਤੀ ਲਾਭ ਲੈਣ ਦੀ ਫ਼ਾਈਲ ਉੱਚ ਅਧਿਕਾਰੀਆਂ ਨੂੰ ਨਹੀਂ ਭੇਜ ਰਹੀ।
ਪ੍ਰਾਪਤ ਜਾਣਕਾਰੀ ਅਨੁਸਾਰ 30 ਸਤੰਬਰ 2021 ਨੂੰ ਸਥਾਨਕ ਬੀਡੀਪੀਓ ਦਫ਼ਤਰ ਤੋਂ ਦਰਜਾ ਚਾਰ ਵਜੋਂ ਸੇਵਾ ਮੁਕਤ ਹੋਏ ਰਾਮ ਦੇਵ ਨੇ ਅੱਜ ਦਫ਼ਤਰ ਦੇ ਸਮੂਹ ਕਰਮਚਾਰੀਆਂ ਦੇ ਸਾਹਮਣੇ ਰੋਂਦੇ ਹੋਏ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡਾਇਰੈਕਟਰ ਪੇਂਡੂ ਵਿਕਾਸ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹੁਸ਼ਿਆਰਪੁਰ ਨੂੰ ਦਿੱਤੀਆਂ ਸ਼ਿਕਾਇਤਾਂ ਵਿਚ ਦੱਸਿਆ ਕਿ ਉਸ ਨੇ ਸੇਵਾ ਮੁਕਤੀ ਤੋਂ ਬਾਅਦ 15 ਦਿਨਾਂ ਅੰਦਰ ਹੀ ਆਪਣੇ ਪੈਨਸ਼ਨ ਅਤੇ ਸੇਵਾ ਦੇ ਲਾਭ ਲੈਣ ਲਈ ਸਾਰੀ ਫ਼ਾਈਲ ਤਿਆਰ ਕਰ ਕੇ ਦਫ਼ਤਰ ਦੀ ਲੇਖਾ ਕਲਰਕ ਜਸਵੀਰ ਕੌਰ ਨੂੰ ਦੇ ਦਿੱਤੀ ਸੀ ਪਰ ਸੱਤ ਮਹੀਨੇ ਤੱਕ ਉਸ ਨੇ ਉਸ ਦੀ ਫ਼ਾਈਲ ਅੱਗੇ ਨਹੀਂ ਭੇਜੀ ਅਤੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲਗਾ ਕੇ ਉਸ ਨੂੰ ਘਰ ਤੋਰਦੀ ਰਹੀ।
ਇਹ ਵੀ ਪੜ੍ਹੋ : Drug selling Bathinda policeman caught : ਚਿੱਟਾ ਵੇਚਦਾ ਪੁਲਿਸ ਮੁਲਾਜ਼ਮ ਚੜ੍ਹਿਆ ਪਿੰਡ ਵਾਸੀਆਂ ਦੇ ਹੱਥੇ, ਫਿਰ ਹੋਈਆ ਰੱਜਵਾਂ "ਮਾਣ-ਤਾਣ"
ਉਸ ਨੇ ਦੱਸਿਆ ਕਿ ਸੱਤ ਮਈ 2022 ਨੂੰ ਲੇਖਾ ਕਲਰਕ ਜਸਵੀਰ ਕੌਰ ਨੇ ਉਸ ਨੂੰ ਫ਼ਾਈਲ ਅੱਗੇ ਤੋਰਨ ਅਤੇ ਸੇਵਾ ਮੁਕਤੀ ਦੇ ਲਾਭ ਜਲਦੀ ਦਿਵਾਉਣ ਲਈ ਉਸ ਕੋਲੋਂ ਪੈਸਿਆਂ ਦੀ ਮੰਗ ਕਰ ਲਈ ਅਤੇ ਸੌਦਾ 5000 ਵਿਚ ਤੈਅ ਕਰ ਕੇ ਉਸ ਨੇ ਪੈਸੇ ਲੈ ਲਏ। ਉਸ ਨੇ ਪੈਸੇ ਦਿੰਦਿਆਂ ਦੀ ਸਾਰੀ ਵੀਡੀਓ ਬਣਾ ਲਈ। ਉਸ ਤੋਂ ਬਾਅਦ ਉਸ ਨੇ ਸੀਪੀਐੱਫ ਦੀ ਅਦਾਇਗੀ ਕਰ ਦਿੱਤੀ ਅਤੇ ਉਸ ਸਮੇਂ ਵਧਾਈ ਮੰਗ ਕੇ ਉਸ ਕੋਲੋਂ 500 ਰੁਪਏ, ਇੱਕ ਸੂਟ ਅਤੇ ਇੱਕ ਲੱਡੂਆਂ ਦਾ ਡੱਬਾ ਲੈ ਲਿਆ ਪਰ ਉਸ ਤੋਂ ਬਾਅਦ ਉਸ ਦੀ ਪੈਨਸ਼ਨ, ਗਰੈਚੁਟੀ ਅਤੇ ਬਕਾਏ ਦਿਵਾਉਣ ਲਈ ਇਹ ਪਿਛਲੇ ਇੱਕ ਸਾਲ ਤੋਂ ਉਸ ਨੂੰ ਲਾਰੇ ਲਗਾ ਕੇ ਤੋਰ ਦਿੰਦੀ ਹੈ। ਉਸ ਨੇ ਦੱਸਿਆ ਕਿ ਅੱਜ ਦੁਖ਼ੀ ਹੋ ਕੇ ਉਹ ਮੁੜ ਦਫ਼ਤਰ ਗਿਆ ਤਾਂ ਪੈਸੇ ਲੈਣ ਵਾਲੀ ਜਸਵੀਰ ਕੌਰ ਨੇ ਉਸ ਨੂੰ ਦਬਕੇ ਮਾਰ ਕੇ ਭਜਾ ਦਿੱਤਾ, ਜਿਸ ਕਾਰਨ ਉਹ ਦੁਖ਼ੀ ਹੋਇਆ ਬੀਡੀਪੀਓ ਸਾਹਮਣੇ ਰੋ ਪਿਆ। ਉਸ ਨੇ ਕਿਹਾ ਕਿ ਜੇਗਰ ਉਸ ਨੂੰ ਕੁੱਝ ਹੋ ਜਾਵੇ ਤਾਂ ਉਸ ਦੀ ਜ਼ਿੰਮੇਵਾਰੀ ਜਸਵੀਰ ਕੌਰ ਲੇਖਾ ਕਲਰਕ ਦੀ ਹੋਵੇਗੀ।