ਹੁਸ਼ਿਆਰਪੁਰ: ਪੂਰਾ ਵਿਸ਼ਵ ਇਸ ਵੇਲੇ ਕੋਰੋਨਾ ਦੀ ਮਾਰ ਝੱਲ ਰਿਹਾ ਹੈ। ਜਿੱਥੇ ਕੋਰੋਨਾ ਸਾਡੀ ਸਿਹਤ ਲਈ ਖ਼ਤਰਾ ਹੈ, ਉੱਥੇ ਹੀ ਕੋਰੋਨਾ ਸਾਡੇ ਅਰਥਚਾਰੇ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਕੋਰੋਨਾ ਕਾਰਨ ਖ਼ਰਾਬ ਹੋ ਰਹੀ ਅਰਥਿਕਤਾ ਨੇ ਜਿੱਥੇ ਵੱਡੇ ਉਦਯੋਗ ਨੂੰ ਸੱਟ ਮਾਰੀ ਹੈ ,ਉੱਥੇ ਹੀ ਇਸ ਦਾ ਅਸਰ ਕਲਾਕਾਰਾਂ ਅਤੇ ਹਸਤਕਲਾ 'ਤੇ ਵੀ ਪੈ ਰਿਹਾ ਹੈ। ਹੁਸ਼ਿਆਰਪੁਰ ਦੀ ਹਸਤਕਲਾ ਵਿਸ਼ਵ ਪ੍ਰਸਿੱਧ ਹੈ, ਦੁਨੀਆ ਭਰ ਵਿੱਚ ਹੁਸ਼ਿਆਰਪੁਰ ਦੇ ਹਸਤ ਕਲਾਕਾਰਾਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਦੀ ਪਹਿਚਾਣ ਹੈ।
ਇਸ ਸਮੇਂ ਕੋਰੋਨਾ ਕਾਰਨ ਪੈਦਾ ਹੋਏ ਹਲਾਤ ਨੇ ਇਸ ਕਲਾ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਲਾ ਨਾਲ ਜੁੜੇ ਬਹੁਤੇ ਕਲਾਕਾਰ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਹਨ ਅਤੇ ਨਵੇਂ ਕਲਾਕਾਰ ਇਸ ਨਾਲ ਨਹੀਂ ਜੁੜ ਰਹੇ। ਇਸੇ ਕਾਰਨ ਇਹ ਕਲਾ ਹੁਣ ਸਕੰਟ ਦਾ ਸ਼ਿਕਾਰ ਹੈ। ਉੱਤੋਂ ਕੋਰੋਨਾ ਦੀ ਮਾਰ ਨੇ ਇਸ ਕਲਾ ਨੂੰ ਗੰਭੀਰ ਸਕੰਟ ਵਿੱਚ ਪਹੁੰਚਾ ਦਿੱਤਾ ਹੈ।
ਇਸ ਕਾਰੋਬਾਰ ਨਾਲ ਜੂੜੇ ਮਧੂ ਸੂਦਨ ਜੈਨ ਨੇ ਕਿਹਾ ਕਿ ਸਰਕਾਰਾਂ ਇਸ ਕਲਾ ਨੂੰ ਬਚਾਉਣ ਲਈ ਕਈ ਕੰਮ ਕਰ ਰਹੀਆਂ ਹਨ ਪਰ ਸਰਕਾਰ ਨੂੰ ਕੋਰੋਨਾ ਦੇ ਸਕੰਟ ਨੂੰ ਧਿਆਨ ਵਿੱਚ ਰੱਖ ਵਿਸ਼ੇਸ਼ ਨੀਤੀਆਂ ਘੜ੍ਹਣ ਦੀ ਜ਼ਰੂਰਤ ਹੈ।
ਇਸੇ ਨਾਲ ਹੀ ਹਸਤਕਲਾ ਨਾਲ ਜੁੜੇ ਕਲਾਕਾਰਾਂ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਇਸ ਕਲਾ ਨਾਲ ਜੁੜੇ ਹਨ। ਹੁਣ ਕੋਰੋਨਾ ਕਾਰਨ ਕੰਮ-ਕਾਰ ਬੰਦ ਹੈ ਜਿਸ ਕਾਰਨ ਅੱਜ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਸਕੀਮਾਂ ਸਹੀ ਰੂਪ ਵਿੱਚ ਉਨ੍ਹਾਂ ਤੱਕ ਨਹੀਂ ਪਹੁੰਦੀਆਂ ਹਨ।
ਕਾਰੋਬਾਰੀਆਂ ਅਤੇ ਕਲਾਕਾਰਾਂ ਨੇ ਮੰਗ ਕੀਤੀ ਕਿ ਸੂਬਾ ਅਤੇ ਕੇਂਦਰ ਸਰਕਾਰ ਹਸ਼ਿਆਰਪੁਰ ਦੀ ਹਸਤਕਲਾ ਨੂੰ ਬਚਾਉਣ ਲਈ ਕੋਰੋਨਾ ਸਮੇਂ ਵਿਸ਼ੇਸ਼ ਨੀਤੀ ਦਾ ਨਿਰਮਾਣ ਕਰੇ। ਜੇਕਰ ਕਲਾਕਾਰ ਨਹੀਂ ਬਚਣਗੇ ਤਾਂ ਇਸ ਹਸਤਕਲਾ ਨੂੰ ਬਚਾਉਣਾ ਅਤਿ ਮੁਸ਼ਕਲ ਹੋਵੇਗਾ।