ਹੁਸ਼ਿਆਰਪੁਰ: ਦਸੂਹਾ ਤੋਂ ਪਠਾਨਕੋਟ ਰੋਡ 'ਤੇ ਪੈਂਦੇ ਪਿੰਡ ਨਰਾਇਣ ਗੜ੍ਹ ਦੇ ਕੋਲ ਉੱਚੀ ਬੱਸੀ ਨਹਿਰ ਵਿਚ ਇਕ ਸਕਾਰਪਿਓ ਕਾਰ ਡਿੱਗਣ ਦੀ ਖ਼ਬਰ ਸਾਮਣੇ ਆਈ ਹੈ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਤੇ ਪ੍ਰਸ਼ਾਸ਼ਨ ਕਾਰ ਨੂੰ ਨਹਿਰ ਵਿਚੋਂ ਕੱਢਣ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਾਣੀ ਦਾ ਬਹਾਅ ਤੇ ਹਨੇਰਾ ਜ਼ਿਆਦਾ ਹੋਣ ਕਾਰਨ ਸਰਚ ਆਪਰੇਸ਼ਨ ਰੋਕਿਆ ਗਿਆ ਤੇ ਹੁਣ ਫਿਰ ਸ਼ੁਰੂ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਅਨਿਲ ਕੁਮਾਰ ਭਨੋਟ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਮੈਸੇਜ ਆਇਆ ਸੀ ਕਿ ਇਕ ਸਕਾਰਪਿਓ ਨਹਿਰ ਵਿੱਚ ਡਿੱਗ ਗਈ ਹੈ ਜਿਸ ਵਿਚ 2 ਨੌਜਵਾਨ ਸਵਾਰ ਸਨ, ਜਿਨ੍ਹਾਂ 'ਚੋਂ ਇੱਕ ਨੌਜਵਾਨ ਦੀ ਪਛਾਣ ਗੁਰਵਿੰਦਰ ਤੇ ਦੂਜੇ ਦੀ ਸਰਬਜੀਤ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਡੈਮ 'ਤੇ ਜਾਣਕਾਰੀ ਦਿੱਤੀ ਗਈ ਹੈ ਤੇ ਉਥੋਂ ਪਾਣੀ ਘੱਟ ਕਰਵਾ ਦਿੱਤਾ ਗਿਆ ਹੈ। ਸਵੇਰ ਤੱਕ ਪਾਣੀ ਦਾ ਲੈਵਲ ਵੀ ਘੱਟ ਜਾਵੇਗਾ ਤੇ ਗੋਤਾਖੋਰ ਵੀ ਸਵੇਰੇ ਪਹੁੰਚ ਜਾਣਗੇ। ਇਸ ਤੋਂ ਬਾਅਦ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ। ਹੁਣ ਇਹ ਤਾਂ ਸਰਚ ਆਪਰੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਵੇਂ ਨੌਜਵਾਨਾਂ ਦੀ ਜ਼ਿੰਦਗੀ ਬਚੀ ਹੈ ਜਾਂ ਨਹੀਂ।