ਹੁਸ਼ਿਆਰਪੁਰ: ਇੱਕ ਪਾਸੇ ਜਿੱਥੇ ਯੂਕਰੇਨ ਅਤੇ ਰੂਸ ਦੀ ਜੰਗ (russia ukraine dispute) ਦੇ ਕਾਰਨ ਦੁਨੀਆ ਭਰ ’ਚ ਤੀਜੇ ਵਿਸ਼ਵ ਯੁੱਧ ਦਾ ਖਤਰਾ ਮੰਡਰਾ ਰਿਹਾ ਹੈ। ਉੱਥੇ ਹੀ ਯੂਕਰੇਨ ਚ ਫਸੇ ਕੁਝ ਭਾਰਤੀਆਂ ਦੇ ਪਰਿਵਾਰਾਂ ਦੀ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈ। ਅਜਿਹਾ ਹੀ ਇਕ ਪਰਿਵਾਰ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਖੁਰਦਾਂ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਪਿੰਡ ਖੁਰਦਾਂ ਦਾ ਰਹਿਣ ਵਾਲਾ ਨੌਜਵਾਨ ਹਰਜਿੰਦਰ ਸਿੰਘ ਆਪਣੀ ਪਤਨੀ ਅਤੇ ਬੱਚੀ ਦੇਨਾਲ ਯੂਕਰੇਨ ਦੇ ਇੱਕ ਸ਼ਹਿਰ ਚ ਰਹਿ ਰਿਹਾ ਹੈ। ਜਿਸ ਕਾਰਨ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਉਸਦੀ ਚਿੰਤਾ ਸਤਾ ਰਹੀ ਹੈ। ਪਰਿਵਾਰ ਨੂੰ ਹਰਜਿੰਦਰ ਅਤੇ ਉਸਦੀ ਪਤਨੀ ਤੇ ਬੱਚੀ ਨੂੰ ਭਾਰਤ ਵਾਪਿਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ।
ਯੂਕਰੇਨ ਚ ਰਹਿ ਰਹੇ ਹਰਜਿੰਦਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਹਰਜਿੰਦਜ ਸਿੰਘ ਪਿਛਲੇ 26 ਸਾਲਾਂ ਤੋਂ ਆਪਣੀ ਪਤਨੀ ਅਤੇ ਇਕ 17 ਸਾਲਾ ਬੱਚੀ ਨਾਲ ਉਥੋਂ ਦੇ ਇਕ ਸ਼ਹਿਰ ਚ ਰਹਿ ਰਿਹਾ ਹੈ। ਉੱਥੇ ਉਹ ਕਪੜੇ ਦਾ ਵਪਾਰੀ ਸੀ ਪਰ ਜੰਗ ਵਰਗੇ ਹਾਲਾਤਾਂ ਕਾਰਨ ਉਸਦਾ ਕਾਰੋਬਾਰ ਵੀ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕਾ ਹੈ।
ਉੱਥੇ ਹੀ ਹਰਜਿੰਦਰ ਸਿੰਘ ਨੇ ਵਟਸਐਪ ਕਾਲ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਕਰੇਨ ਚ ਬਹੁਤ ਸਾਰੇ ਭਾਰਤੀ ਲੋਕ ਅਤੇ ਵਿਦਿਆਰਥੀ ਇੱਥੇ ਫਸੇ ਹੋਏ ਹਨ। ਉਹ ਇੱਥੇ ਪਿਛਲੇ 26 ਸਾਲਾਂ ਤੋਂ ਰਹਿ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਥੇ ਲੋਕ ਡਰੇ ਹੋਏ ਹਨ। ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਜਲਦ ਹੀ ਯੂਕਰੇਨ ਚ ਫਸੇ ਭਾਰਤੀਆਂ ਨੂੰ ਵਾਪਿਸ ਲਿਆਉਣ ਲਈ ਕੋਈ ਠੋਸ ਕਦਮ ਚੁੱਕੇ।
ਇਹ ਵੀ ਪੜੋ: ਰੂਸੀ ਹਮਲੇ ਦੇ ਡਰ ਵਿਚਕਾਰ ਯੂਕਰੇਨ ਨੇ ਐਮਰਜੈਂਸੀ ਸਥਿਤੀ ਦਾ ਕੀਤਾ ਐਲਾਨ
ਕਾਬਿਲੇਗੌਰ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਆਪਣੇ ਦੇਸ਼ ਤੋਂ ਬਾਹਰ ਫੌਜੀ ਤਾਕਤ ਦੀ ਵਰਤੋਂ ਕਰਨ ਦਾ ਅਧਿਕਾਰ ਦਿੱਤੇ ਜਾਣ ਤੋਂ ਬਾਅਦ ਯੂਕਰੇਨ ਨੇ ਬੁੱਧਵਾਰ ਨੂੰ ਦੇਸ਼ ਵਿਆਪੀ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਇਸ ਦੌਰਾਨ ਪੱਛਮੀ ਦੇਸ਼ਾਂ ਨੇ ਰੂਸ ਦੇ ਖਿਲਾਫ ਕਈ ਪਾਬੰਦੀਆਂ ਦੀ ਘੋਸ਼ਣਾ ਕੀਤੀ ਅਤੇ ਮਾਸਕੋ ਨੇ ਯੂਕਰੇਨ ਵਿੱਚ ਆਪਣੇ ਦੂਤਾਵਾਸ ਦੇ ਪਰੀਸਰਾਂ ਨੂੰ ਖਾਲੀ ਕਰ ਦਿੱਤਾ ਅਤੇ ਡਿਪਲੋਮੈਟਿਕ ਕਰਮਚਾਰੀਆਂ ਨੂੰ ਬਾਹਰ ਕੱਢਿਆ। ਯੂਕਰੇਨ ਦੇ ਸੰਸਦ ਮੈਂਬਰਾਂ ਨੇ ਦੇਸ਼ ਭਰ ਵਿੱਚ ਐਮਰਜੈਂਸੀ ਲਾਗੂ ਕਰਨ ਦੇ ਰਾਸ਼ਟਰਪਤੀ ਵੋਲੋਡਿਮਰ ਜ਼ੇਲੇਂਸਕੀ ਦੇ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਵੀਰਵਾਰ ਤੋਂ ਸ਼ੁਰੂ ਹੋ ਕੇ 30 ਦਿਨਾਂ ਤੱਕ ਚੱਲੇਗੀ।