ਹੁਸ਼ਿਆਰਪੁਰ/ਟਾਂਡਾ: ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਦੇ ਗ੍ਰਿਫ਼ਤਾਰੀ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ। ਕਾਊਂਟਰ ਇੰਟੇਲੀਜੈਂਸੀ ਅੰਮ੍ਰਿਤਸਰ ਵਲੋਂ ਦੇਰ ਸ਼ਾਮ ਟਾਂਡਾ ਨਾਲ ਸੰਬੰਧ ਰੱਖਣ ਵਾਲੇ ਗੁਰਪ੍ਰੀਤ ਸਿੰਘ ਨੂੰ ਖਾਲਿਸਤਾਨੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਦੋਸ਼ਾਂ ਹੇਠ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਮੁਤਾਬਕ ਫੜੇ ਗਏ ਨੌਜਵਾਨ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਸਨ। ਉੱਥੇ ਹੀ, ਪਰਿਵਾਰਕ ਮੈਂਬਰ ਇਸ ਗੱਲ ਨੂੰ ਝੂਠ ਦੱਸ ਰਹੇ ਹਨ।
ਗੁਰਪ੍ਰੀਤ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਪੁਲਿਸ ਘਰ ਆਈ ਗੁਰਪ੍ਰੀਤ ਸਿੰਘ ਖੇਤਾਂ ਤੋਂ ਆ ਕੇ ਪਾਠ ਕਰ ਰਿਹਾ ਸੀ। ਪਾਠ ਕਰਨ ਉਪਰੰਤ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਦੀ ਤਲਾਸ਼ੀ ਲਈ, ਪਰ ਉਸ ਕੋਲੋਂ ਕੋਈ ਵੀ ਹਥਿਆਰ ਨਹੀਂ ਮਿਲਿਆ। ਗੁਰਪ੍ਰੀਤ ਦੀ ਮਾਂ ਨੇ ਕਿਹਾ ਕਿ ਪੁਲਿਸ ਵੱਲੋਂ ਘਰ ਦੀ ਤਲਾਸ਼ੀ ਵੀ ਲਈ ਗਈ। ਉਨ੍ਹਾਂ ਵੱਲੋਂ ਬੈਡ ਤੇ ਅਲਮਾਰੀਆਂ ਆਦਿ ਦੀ ਤਲਾਸ਼ੀ ਲਈ ਗਈ ਜਿਸ ਵਿੱਚੋਂ ਵੀ ਕੁੱਝ ਨਹੀਂ ਮਿਲਿਆ।
ਉੱਥੇ ਹੀ, ਗੁਰਪ੍ਰੀਤ ਦੇ ਪਿਤਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਵੀ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਉਂ ਲੈ ਕੇ ਜਾ ਰਹੇ ਹਨ। ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।
ਦੱਸ ਦਈਏ ਕਿ ਮੁਲਜ਼ਮ ਉੱਤੇ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦਾ ਦੋਸ਼ ਹੈ। ਇਸ ਤੋਂ ਇਲਾਵਾ, ਮਾਮਲੇ ਵਿੱਚ 2 ਹੋਰ ਨੌਜਵਾਨਾਂ ਨੂੰ ਵੀ ਬਾਬਾ ਬਕਾਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦੇ ਮਾਮਲੇ ਵਿੱਚ 3 ਗ੍ਰਿਫ਼ਤਾਰ