ਹੁਸ਼ਿਆਰਪੁਰ: ਸ਼ਹਿਰ ਵਿੱਚ ਘਟੀਆ ਕਿਸਮ ਦਾ ਗੁੜ ਵੇਚਣ ਵਾਲੇ ਇੱਕ ਪ੍ਰਵਾਸੀ ਮਜ਼ਦੂਰ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਮੇਹਟੀਆਣਾ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਉੱਤੇ ਫ਼ਗਵਾੜਾ ਰੋਡ ਅਤੋਵਾਲ ਦੇ ਨਜਦੀਕ ਨੀਟੂ ਦੇ ਵੇਲਣੇ ਤੋਂ ਛਾਪਾ ਮਾਰ ਕੇ ਘਟੀਆ ਤੇ ਨਾ ਖਾਣਯੋਗ ਸੱਕੀ ਖੰਡ ਦੀ ਇਕ ਟਰਾਲੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੁਲਜ਼ਮ ਨੇ ਹੋਰ ਖੰਡ ਵੀ ਲੁਕਾ ਕੇ ਰੱਖੀ ਹੋਈ ਸੀ। ਐਸਐਚਓ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗੁੜ ਨੂੰ ਜ਼ਹਿਰ ਬਣਾ ਕੇ ਵੇਚਿਆ ਜਾ ਰਿਹਾ: ਐਸਐਚਓ ਨੇ ਦੱਸਿਆ ਕਿ 100 ਦੇ ਕਰੀਬ ਖੰਡ ਦੇ ਬੋਰੇ ਸਨ, ਜੋ ਕਿ ਗੁੜ ਵਿੱਚ ਇਸਤੇਮਾਲ ਕੀਤੀ ਜਾਣੀ ਸੀ। ਇਸ ਨੂੰ ਬਰਾਮਦ ਕਰ ਲਿਆ ਤੇ ਇਥੋ ਗੁੜ ਵਿੱਚ ਘਟੀਆ ਕਿਸਮ ਦਾ ਰੰਗ ਵੀ ਬਰਾਮਦ ਕੀਤਾ ਹੈ। ਇਸ ਮੌਕੇ ਜ਼ਿਲ੍ਹੇ ਦੇ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵੀ ਪਹੁੰਚੇ ਅਤੇ ਸੈਂਪਲ ਲਏ। ਉਨ੍ਹਾਂ ਨੇ ਦੱਸਿਆ ਕਿ ਹੁਣ ਤਾਂ, ਗੰਨੇ ਵਿੱਚ ਪੂਰੀ ਮਿਠਾਸ ਹੈ ਤੇ ਜਨਵਰੀ ਮਹੀਨਾ ਸ਼ੁਰੂ ਹੋ ਚੁੱਕਾ ਹੈ, ਪਰ ਫਿਰ ਵੀ ਇਹ ਪ੍ਰਵਾਸੀ ਲੋਕ ਗੁੜ ਵਿੱਚ ਖੰਡ ਪਾ ਕੇ ਬਣਾਈ ਜਾਂਦੇ ਹਨ ਤੇ ਲੋਕਾਂ ਨੂੰ ਘੱਟੀਆ ਰੰਗ ਪਾ ਕੇ ਗੁੜ ਨੂੰ ਜ਼ਹਿਰ ਦੇ ਰੂਪ ਵਿੱਚ ਵੇਚ ਰਹੇ ਹਨ। ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਗੁੜ ਲੈਣ ਵੇਲੇ ਚੰਗੀ ਤਰ੍ਹਾਂ ਦੇਖ ਕੇ ਹੀ ਲੈਣ।
ਲੋਕਾਂ ਦੀ ਸਿਹਤ ਨਾਲ ਖਿਲਵਾੜ: ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਕਿਹਾ ਕਿ ਇਸ ਦੇ ਸਾਰੇ ਖੰਡ ਦੇ ਬੋਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਰੰਗ ਅਤੇ ਹੋਰ ਸੈਂਪਲ ਲੈ ਕੇ ਲੈਬੋਰਟਰੀ ਭੇਜੇ ਗਏ ਹਨ। ਉਨ੍ਹਾਂ ਕਿਹਾ ਜਿਸ ਤਰ੍ਹਾਂ ਦੀ ਰਿਪੋਰਟ ਆਵੇਗੀ, ਉਸ ਦੇ ਆਧਾਰ ਉੱਤੇ ਮੁਲਜ਼ਮ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਸਾਰੀ ਖੰਡ ਨੂੰ ਪੂਰੀ ਤਰ੍ਹਾਂ ਨਸ਼ਟ ਕੀਤਾ ਜਾਵੇਗਾ। ਡਾ. ਲਖਵੀਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ਉੱਤੇ ਬਰਦਾਸ਼ ਨਹੀਂ ਕੀਤਾ ਜਾਵੇਗਾ।