ਹੁਸ਼ਿਆਰਪੁਰ: ਗੜ੍ਹਸ਼ੰਕਰ ਤੋਂ ਤਿੰਨ ਕਿਲੋਮੀਟਰ ਦੂਰ ਹੁਸ਼ਿਆਰਪੁਰ ਰੋਡ ਦੇ ਚੜ੍ਹਦੇ ਪਾਸੇ ਪੈਂਦੇ ਪਿੰਡ ਭੱਜਲ ਦੀ ਏਕਤਾ ਬੜਪੱਗਾ ਨੇ ਨਿਊਜ਼ੀਲੈਂਡ ਵਿਖੇ ਮਹਿਜ਼ ਤਿੰਨ ਸਾਲ ਵਿਚ ਜੇਲ ਵਿਭਾਗ ਦੇ ਕੁਰੈਕਸ਼ਨ ਅਫਸਰ ਦੇ ਅਹੁਦੇ 'ਤੇ ਪਹੁੰਚ ਕੇ ਨਾ ਕੇਵਲ ਪਿੰਡ ਦਾ ਸਗੋਂ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ।ਮਾਲ ਅਧਿਕਾਰੀ ਕਸ਼ਮੀਰ ਸਿੰਘ ਅਤੇ ਕਮਲੇਸ਼ ਕੌਰ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਵਿੱਚੋਂ ਦੂਸਰੇ ਨੰਬਰ ਦੀ ਧੀ ਏਕਤਾ ਬੜਪੱਗਾ ਦਾ ਜਨਮ 1990 ਵਿੱਚ ਹੋਇਆ। ਡੀ ਏ ਵੀ ਕਾਲਜ ਗੜ੍ਹਸ਼ੰਕਰ ਤੋਂ ਬੀ ਏ ਦੀ ਡਿਗਰੀ ਕਰਨ ਉਪਰੰਤ ਗੁਰੂ ਨਾਨਕ ਕਾਲਜ ਫਾਰ ਗਰਲਜ਼ ਬੰਗਾ ਤੋਂ ਐਮ ਏ ਹਿਸਟਰੀ ਕੀਤੀ। ਇਸ ਉਪਰੰਤ ਕੰਪਿਊਟਰ ਵਿਚ ਪੋਸਟ ਗ੍ਰੈਜੂਏਸ਼ਨ ਅਤੇ ਫਿਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਐਮਬੀਏ ਦੀ ਡਿਗਰੀ ਹਾਸਲ ਕਰਨ ਉਪਰੰਤ ਸੰਨ 2018 ਵਿਚ ਨਿਊਜ਼ੀਲੈਂਡ ਵਿਖੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਬਿਜ਼ਨਸ ਵਿੱਚ ਦਾਖਲਾ ਲੈ ਲਿਆ। ਪੜ੍ਹਾਈ ਮੁਕੰਮਲ ਕਰਨ ਉਪਰੰਤ ਏਕਤਾ ਬੜਪੱਗਾ ਦੀ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿਚ ਜੇਲ੍ਹ ਵਿਭਾਗ ਵਿਚ ਕੁਰੈਕਸ਼ਨ ਅਫਸਰ ਦੇ ਤੌਰ ਤੇ ਨਿਯੁਕਤੀ ਹੋ ਗਈ।
ਏਕਤਾ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਏਕਤਾ ਪੰਜਾਬ ਵਿਚ ਰਹਿੰਦੇ ਹੋਏ ਸਵੇਰੇ ਚਾਰ ਵਜੇ ਉੱਠ ਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਗੜ੍ਹਸ਼ੰਕਰ ਦੀ ਗਰਾਊਂਡ ਵਿੱਚ ਜਾ ਕੇ ਚਾਰ-ਚਾਰ ਘੰਟੇ ਦੌੜ ਲਗਾਉਂਦੀ ਸੀ ਅਤੇ ਸ਼ੁਰੂ ਤੋਂ ਹੀ ਉਸ ਦਾ ਨਿਸ਼ਾਨਾ ਕਿਸੇ ਉੱਚ ਅਹੁਦੇ ਤੇ ਪਹੁੰਚਣਾ ਸੀ ਜੋ ਕਿ ਉਸ ਨੇ ਸਖਤ ਮਿਹਨਤ ਕਰਨ ਉਪਰੰਤ ਹਾਸਲ ਕੀਤਾ।
ਉਹਨਾਂ ਨੇ ਕਿਹਾ ਹੈ ਕਿ ਧੀਆਂ ਪੁੱਤਰਾਂ ਨਾਲੋਂ ਦੋ ਕਦਮ ਅੱਗੇ ਹੀ ਹੁੰਦੀਆਂ ਹਨ। ਇਸ ਲਈ ਹੁਣ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਹੀ ਮਾਣ ਸਨਮਾਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਜੀਵਨ ਦੇ ਲਕਸ਼ ਨੂੰ ਪੂਰਾ ਕਰਨ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਲੀਹਾਂ ਲੜਕੀਆਂ ਵੱਲੋਂ ਪਾਈਆਂ ਜਾ ਰਹੀਆਂ ਹਨ ਲੜਕਿਆਂ ਨੂੰ ਉਸ ਤੋਂ ਸਿੱਖਣ ਦੀ ਲੋੜ ਹੈ।
ਇਹ ਵੀ ਪੜੋ:ਮੁੱਖ ਮੰਤਰੀ ਕੋਰੋਨਾ ਵੈਕਸੀਨ ਦੀ ਖਰੀਦ ਲਈ 1 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕਰਨ: ਬਾਦਲ