ਹੁਸ਼ਿਆਰਪੁਰ :ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅਨਾਜ ਮੰਡੀ ਵਿੱਚ ਇਸ ਸੀਜ਼ਨ ਦੀ ਕਣਕ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਕੋਵਿਡ-19 ਤਹਿਤ ਲੱਗੇ ਕਰਫ਼ਿਊ ਦੌਰਾਨ ਕਿਸਾਨਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਮੌਜੂਦ ਸਨ। ਇਸ ਮੌਕੇ 'ਤੇ ਉਨ੍ਹਾਂ ਮੰਡੀ ਵਿੱਚ ਕਣਕ ਲੈ ਕੇ ਆਉਣ ਵਾਲੇ ਕਿਸਾਨ ਚਰਨਵਰਿੰਦਰ ਸਿੰਘ, ਜਸਵਿੰਦਰ ਸਿੰਘ, ਸਿਮਰਨਜੀਤ ਸਿੰਘ, ਸੁਰਿੰਦਰ ਸਿੰਘ ਅਤੇ ਜਸਵੀਰ ਸਿੰਘ ਦੀ ਢੇਰੀ ਦੀ ਬੋਲੀ ਆਪਣੀ ਹਾਜ਼ਰੀ ਵਿੱਚ ਲਗਵਾਈ। ਸਾਰੇ ਕਿਸਾਨਾਂ ਨੇ ਵੀ ਕਰਫ਼ਿਊ ਦੌਰਾਨ ਮੰਡੀ ਵਿੱਚ ਕੀਤੇ ਪ੍ਰਬੰਧਾਂ 'ਤੇ ਖੁਸ਼ੀ ਜ਼ਾਹਿਰ ਕੀਤੀ।
ਕੈਬਿਨੇਟ ਮੰਤਰੀ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸੁਵਿਧਾ ਲਈ ਜ਼ਿਲ੍ਹੇ ਵਿੱਚ ਮੰਡੀਆਂ ਦੀ ਗਿਣਤੀ ਵਧਾ ਕੇ 84 ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਮੰਡੀਆਂ 'ਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਣਕ ਦੇ ਨਾਲ-ਨਾਲ ਲਿਫਟਿੰਗ ਕਰਵਾਈ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਮੰਡੀ ਸਟਾਫ ਤੇ ਆੜ੍ਹਤੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵਿਸ਼ਵ ਭਰ ਵਿੱਚ ਫੈਲੀ ਮਹਾਂਮਾਰੀ ਕੋਵਿਡ ਤੋਂ ਆਪਣੇ ਸਟਾਫ, ਖ਼ਰੀਦ ਏਜੰਸੀਆਂ ਅਤੇ ਕਿਸਾਨਾਂ ਨੂੰ ਬਚਾਉਣ ਲਈ ਜਿਥੇ ਸਮਾਜਿਕ ਦੂਰੀ 'ਤੇ ਧਿਆਨ ਦੇ ਰਹੇ ਹਨ, ਉੱਥੇ ਹੀ ਮੰਡੀਆਂ ਨੂੰ ਲਗਾਤਾਰ ਸੈਨੇਟਾਈਜ਼ ਕਰਵਾਇਆ ਜਾਵੇ।
ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮੰਡੀ ਵਿੱਚ ਲੱਗੀ ਸਾਰੇ ਲੇਬਰ ਮਾਸਕ ਪਾ ਕੇ ਤੇ ਸਮਾਜਿਕ ਦੂਰੀ ਬਣਾ ਕੇ ਆਪਣਾ ਕੰਮ ਕਰ ਰਹੀ ਹੈ।