ਹੁਸ਼ਿਆਰਪੁਰ: ਕਰਨਾਲ ਵਿਖੇ ਕਿਸਾਨਾਂ (Farmers) 'ਤੇ ਹੋਏ ਤਸ਼ੱਦਦ ਦੇ ਵਿਰੋਧ ਵਿੱਚ ਕਾਂਗਰਸੀ ਵਰਕਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਲੀਗਲ ਸੈਲ ਦੇ ਕੋ ਚੇਅਰਮੈਨ ਪੰਕਜ ਕਿਰਪਾਲ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਚੌਂਕ ਗੜ੍ਹਸ਼ੰਕਰ ਤੋਂ ਲੈ ਕੇ ਬੰਗਾ ਚੌਂਕ ਗੜ੍ਹਸ਼ੰਕਰ ਤੱਕ ਮੋਮਬੱਤੀਆਂ (Candles) ਜਲਾ ਕੇ ਰੋਸ ਮਾਰਚ ਕੱਢਿਆ।
ਇਸ ਮੌਕੇ ਐਡਵੋਕੇਟ ਪੰਕਜ ਕਿਰਪਾਲ ਨੇ ਕਿਹਾ ਕਿ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਕਰਨਾਲ ਵਿਖੇ ਕਿਸਾਨਾਂ 'ਤੇ ਕੀਤੇ ਤਸ਼ੱਦਦ ਜਲਿਆਂਵਾਲਾ ਬਾਗ ਦੀ ਯਾਦ ਦਿਵਾਉਂਦੀ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਕਿਸਾਨਾਂ ਤੇ ਬਰਸਾਈ ਇੱਕ ਇੱਕ ਲਾਠੀ ਦਾ ਹਿਸਾਬ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ 'ਤੇ ਤਸ਼ੱਦਦ ਕਰਨ ਦੀ ਥਾਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਕੀਤਾ ਤਸ਼ੱਦਦ ਭਾਜਪਾ ਦੇ ਕਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਮੁੱਚੀ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਲਗਾਤਾਰ ਸੰਘਰਸ਼ ਜਾਰੀ ਰੱਖਣਗੇ।