ਹੁਸ਼ਿਆਰਪੁਰ: ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ ਕੈਦੀ ਹਰਪ੍ਰੀਤ ਸਿੰਘ ਮੰਗਲਵਾਰ ਸਵੇਰੇ ਪੁਲਿਸ ਮੁਲਾਜ਼ਮਾਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ। ਹਰਪ੍ਰੀਤ ਸਿੰਘ ਨੂੰ ਟਾਂਡਾ ਪੁਲਿਸ ਨੇ ਕੁੱਝ ਸਮਾਂ ਪਹਿਲਾਂ ਮੱਧ ਪ੍ਰਦੇਸ਼ ਦੀ ਆਰਮੀ ਸਿਖਲਾਈ ਦੇ ਮਾਮਲੇ ਵਿਚ ਦੋ ਰਾਈਫਲਾਂ ਸਣੇ ਗ੍ਰਿਫਤਾਰ ਕੀਤਾ ਸੀ।
ਪਿੰਡ ਮਿਆਣੀ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੂੰ ਬੀਤੀ 9 ਦਸੰਬਰ 2019 ਨੂੰ ਟਾਂਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਉਸ ਦੇ ਘਰੋਂ ਚੋਰੀ ਦੇ ਹਥਿਆਰ ਵੀ ਬਰਾਬਰ ਕੀਤੇ ਸਨ। ਉਹ ਹੁਸ਼ਿਆਰਪੁਰ ਦੀ ਜੇਲ੍ਹ 'ਚ ਬੰਦ ਸੀ।
ਇਹ ਵੀ ਪੜ੍ਹੋ: ਅੱਜ ਵਤਨ ਵਾਪਸ ਜਾਏਗਾ ਪਾਕਿਸਤਾਨ ਦਾ ਮੁਬਾਰਕ ਬਿਲਾਲ
31 ਜਨਵਰੀ ਨੂੰ ਉਸ ਦੇ ਹੱਥ 'ਚ ਸੱਟ ਲੱਗਣ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਮੰਗਲਵਾਰ ਸਵੇਰੇ ਉਹ ਟਾਇਲਟ ਗਿਆ, ਕਾਫੀ ਦੇਰ ਤਕ ਜਦੋਂ ਹਰਪ੍ਰੀਤ ਸਿੰਘ ਬਾਹਰ ਨਾ ਆਇਆ ਤਾਂ ਪੁਲਿਸ ਮੁਲਾਜ਼ਮਾਂ ਨੇ ਦਰਵਾਜਾ ਤੋੜ ਦਿੱਤਾ। ਟਾਇਲਟ ਅੰਦਰ ਹਰਪ੍ਰੀਤ ਸਿੰਘ ਨਹੀਂ ਸੀ। ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਜਦੋਂ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਹਰਪ੍ਰੀਤ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।