ਹੁਸ਼ਿਆਰਪੁਰ: ਬੇਸ਼ੱਕ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਝੋਨੇ ਦੀ ਫਸਲ ਲਈ ਬਿਜਲੀ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਸੂਬੇ ਦੇ ਕਿਸਾਨ ਪਾਣੀ ਦੀ ਸਮੱਸਿਆ ਨੂੰ ਲੈਕੇ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਪਿਛਲੇ ਕਈ ਦਿਨਾਂ ਤੋਂ ਬਿਜਲੀ ਨੂੰ ਲੈ ਕੇ ਪੰਜਾਬ ‘ਚ ਜੋ ਸੰਕਟ ਬਣਿਆ ਹੋਇਆ ਉਸ ਤੋਂ ਹਰ ਇੱਕ ਬੱਚਾ ਬੱਚਾ ਚੰਗੀ ਤਰ੍ਹਾਂ ਜਾਣੂ ਹੈ। ਬੀਤੇ ਦਿਨੀਂ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਘਰੇਲੂ ਅਤੇ ਕਿਸਾਨਾਂ ਦੀ ਬਿਜਲੀ ਨੂੰ ਪੂਰਾ ਕਰਨ ਲਈ ਇੰਡਸਟਰੀ ਦੀ ਬਿਜਲੀ ਦਸ ਜੁਲਾਈ ਤੱਕ ਬੰਦ ਕਰ ਦਿੱਤੀ ਗਈ ਸੀ ਪ੍ਰੰਤੂ ਇਸ ਸਭ ਦੇ ਬਾਵਜੂਦ ਫਿਰ ਵੀ ਸਰਕਾਰ ਅਤੇ ਬਿਜਲੀ ਵਿਭਾਗ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਦੇਣ ‘ਚ ਪੂਰੀ ਤਰ੍ਹਾਂ ਅਸਫਲ ਹੈ। ਇਸ ਸਬੰਧੀ ਜਦੋਂ ਹੁਸ਼ਿਆਰਪੁਰ ਦੇ ਪਿੰਡ ਚੱਗਰਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੀਡੀਆ ਦੇ ਕੈਮਰੇ ਸਾਹਮਣੇ ਜੰਮ ਕੇ ਆਪਣੇ ਦੁੱਖੜੇ ਰੋਏ ਤੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਈਆਂ।
ਕਿਸਾਨਾਂ ਦਾ ਕਹਿਣੈ ਕਿ ਸਰਕਾਰ ਬਹੁਤ ਦਾਅਵੇ ਕਰ ਰਹੀਆਂ ਉਹ ਕਿਸਾਨਾਂ ਨੂੰ ਨਿਰਵਘਨ ਬਿਜਲੀ ਦੇਣ ਲਈ ਵਚਨਬੱਧ ਹੈ ਪਰ ਕਿਸਾਨਾਂ ਨੂੰ ਬਿਜਲੀ ਸਪਲਾਈ ਖੇਤਾਂ ਦੀ ਕੀ ਮਿਲਣੀ ਹੈ ਉਨ੍ਹਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਬਿਜਲੀ ਸਪਲਾਈ ਨਹੀਂ ਮਿਲ ਰਹੀ ਜਿਸ ਕਰਕੇ ਉਨ੍ਹਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਦਾ ਕਹਿਣੈ ਕਿ ਜਿਹੜੀ ਪਾਵਰ ਉਨ੍ਹਾਂ ਨੂੰ ਮੋਟਰਾਂ ਲਈ ਦਿੱਤੀ ਜਾ ਰਹੀ ਹੈ ਉਸ ਨਾਲ ਉਨ੍ਹਾਂ ਦਾ ਨੁਕਸਾਨ ਹੀ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੱਟ ਪਾਵਰ ਮਿਲਣ ਕਾਰਨ ਉਨ੍ਹਾਂ ਦੀਆਂ ਮੋਟਰਾਂ ਸੜ੍ਹ ਰਹੀਆਂ ਹਨ ਜਿਸ ਕਰਕੇ ਉਨ੍ਹਾਂ ਦੋਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: Weather Update: ਅੱਜ ਤੋਂ ਉਤਰ ਭਾਰਤ 'ਚ ਮੌਨਸੂਨ ਦੀ ਦਸਤਕ