ਗੜ੍ਹਸ਼ੰਕਰ (ਹੁਸ਼ਿਆਰਪੁਰ) : ਦੀਵਾਲੀ ਤੋਂ ਕਈ ਦਿਨ ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਘੁਮਿਆਰ ਭਾਈਚਾਰੇ ਦੇ ਮਿਹਨਤਕਸ਼ ਲੋਕਾਂ ਵੱਲੋਂ ਮਿੱਟੀ ਦੇ ਦੀਵੇ ਅਤੇ ਹੋਰ ਕਲਾ ਕ੍ਰਿਤਾਂ ਬਣਾਈਆਂ ਜਾਂਦੀਆਂ ਸਨ ਪਰ ਹੁਣ ਇਹ ਕਲਾ ਕਿਤੇ ਨਾਲ ਕਿਤੇ ਲੁਪਤ ਹੋ ਰਹੀ ਹੈ। ਬਾਜ਼ਾਰ ਵਿੱਚ ਬਨਾਵਟੀ ਦੀਵਿਆਂ ਅਤੇ ਚੀਨ ਤੋਂ ਬਣੀਆਂ ਬਿਜਲੀ ਦੀਆਂ ਲੜੀਆਂ ਅਤੇ ਰੌਸ਼ਨੀ ਵਾਲੀਆਂ ਅਜਿਹੀਆਂ ਹੋਰ ਵਸਤਾਂ ਦੇ ਆਉਣ ਨਾਲ ਮਿੱਟੀ ਦੇ ਦੀਵਿਆਂ ਪ੍ਰਤੀ ਲੋਕਾਂ ਦੀ ਖਿੱਚ ਵੀ ਖਤਮ ਹੋ ਰਹੀ ਹੈ। ਮਿੱਟੀ ਦੀ ਇਸ ਕਲਾ ਨੂੰ ਰੁਜ਼ਗਾਰ ਬਣਾ ਕੇ ਆਪਣਾ ਪਰਿਵਾਰ ਪਾਲਣ ਵਾਲੇ ਮਿਹਨਤਕਸ਼ ਲੋਕ ਆਰਥਿਕ ਸੰਕਟ ਵਿੱਚ ਵੀ ਘਿਰ ਰਹੇ ਹਨ।
ਇੱਦਾਂ ਬਣਦੇ ਸੀ ਦੀਵੇ : ਦੱਸਣਯੋਗ ਹੈ ਕਿ ਗੜ੍ਹਸ਼ੰਕਰ ਦੇ ਆਲੇ ਦੁਆਲੇ ਪੈਂਦੇ ਲਗਭਗ ਹਰ ਪਿੰਡ ਵਿਚ ਦਸ ਪੰਦਰਾਂ ਘਰਾਂ ਵਿੱਚ ਮਿੱਟੀ ਤੋਂ ਦੀਵੇ, ਘੜੇ, ਤੌੜੀਆਂ, ਕੁੱਜੇ ਆਦਿ ਬਣਾਏ ਜਾਂਦੇ ਸਨ ਅਤੇ ਇਨਾਂ ਨੂੰ ਵੱਖ-ਵੱਖ ਡਿਜਾਇਨ ਦੇ ਕੇ ਮਿਹਨਤ ਨਾਲ ਪਕਾਇਆ ਜਾਂਦਾ ਸੀ। ਆਵੇ ਵਿੱਚ ਮਿੱਟੀ ਦੀਆਂ ਇਨਾਂ ਵਸਤੂਆਂ ਨੂੰ ਅੱਗ ਦੇਣ ਮੌਕੇ ਅਰਦਾਸ ਕੀਤੀ ਜਾਂਦੀ ਸੀ ਅਤੇ ਅੱਗ ਦੇ ਤਾਪ ਨੂੰ ਬਹੁਤ ਸੂਝ ਬੂਝ ਨਾਲ ਸੰਭਾਲਿਆ ਜਾਂਦਾ ਸੀ, ਜਿਸ ਪਿੱਛੋਂ ਇਨਾਂ ਵਸਤਾਂ ਨੂੰ ਬਹੁਤ ਠਰੰਮੇ ਦੇ ਨਾਲ ਆਵੇ ਵਿਚੋਂ ਕੱਢ ਕੇ ਠੰਡਾ ਕੀਤਾ ਜਾਂਦਾ ਸੀ। ਆਲੇ ਦੁਆਲੇ ਪਿੰਡਾਂ ਦੇ ਟੋਭਿਆਂ ਵਿਚੋਂ ਚੀਕਣੀ ਮਿੱਟੀ ਆਸਾਨੀ ਨਾਲ ਮਿਲ ਜਾਂਦੀ ਸੀ, ਜਿਸ ਤੋਂ ਮਿੱਟੀ ਦੇ ਦੀਵੇ ਆਦਿ ਬਣਾ ਕੇ ਵੇਚੇ ਜਾਂਦੇ ਸਨ। ਇਸ ਵੇਲੇ ਇਨਾਂ ਪਿੰਡਾਂ ਵਿੱਚ ਇਹ ਕਲਾ ਖਤਮ ਹੋ ਕੇ ਰਹਿ ਗਈ ਹੈ।
60 ਸਾਲ ਤੋਂ ਬਣਾ ਰਿਹਾ ਹਰਮੇਸ਼ ਦੀਵੇ : ਰਾਮਪੁਰ ਬਿਲੜੋਂ ਵਿੱਚ ਮਿੱਟੀ ਦੇ ਦੀਵੇ ਬਣਾਉਣ ਵਾਲੇ ਇਕਲੌਤੇ ਵਿਅਕਤੀ ਹਰਮੇਸ਼ ਕੁਮਾਰ ਨੇ ਦੱਸਿਆ ਕਿ ਕਿਸੇ ਵੇਲੇ ਦੁਸਹਿਰੇ ਅਤੇ ਦੀਵਾਲੀ ਸਮੇਤ ਹੋਰ ਵਰਤਾਂ, ਤਿਉਹਾਰਾਂ ਉੱਤੇ ਮਿੱਟੀ ਦੇ ਘੜੇ, ਕੁੱਜੇ, ਦੀਵੇ ਆਦਿ ਵੱਡੀ ਮਾਤਰਾ ਵਿਚ ਬਣਾਏ ਜਾਂਦੇ ਸਨ ਪਰ ਇਸ ਵੇਲੇ ਇਹ ਕੰਮ ਬਿਲਕੁਲ ਖਤਮ ਹੋਣ ਦੇ ਕਿਨਾਰੇ ਹੈ। ਉਨਾਂ ਕਿਹਾ ਕਿ ਉਹ ਆਪਣੇ ਸ਼ੌਂਕ ਨਾਲ ਅਜੇ ਵੀ ਇਸ ਕਲਾ ਨੂੰ ਜਿਉਂਦਾ ਰੱਖ ਰਹੇ ਹਨ ਪਰ ਅਗਲੀ ਪੀੜੀ ਵਿੱਚ ਕੋਈ ਵੀ ਇਹ ਕੰਮ ਨਹੀਂ ਕਰ ਰਿਹਾ। ਉਨਾਂ ਕਿਹਾ ਕਿ ਉਹ ਪਿਛਲੇ 60 ਸਾਲ ਤੋਂ ਇਹ ਕੰਮ ਕਰ ਰਹੇ ਹਨ ਪਰ ਹੁਣ ਅਗਲੀ ਪੀੜੀ ਵਿੱਚ ਕੋਈ ਰੁਜ਼ਗਾਰ ਜਾਂ ਕਲਾ ਦੀ ਖਾਤਿਰ ਵੀ ਇਹ ਕੰਮ ਨਹੀਂ ਸਿੱਖ ਰਿਹਾ।
- Jalandhar Two Girls Marriage Case: ਜਲੰਧਰ ਦੀਆਂ ਦੋ ਕੁੜੀਆਂ ਨੇ ਕਰਵਾਇਆ ਗੁਰੂ ਘਰ 'ਚ ਵਿਆਹ, ਸੁਰੱਖਿਆ ਲਈ ਪਹੁੰਚੀਆਂ ਹਾਈਕੋਰਟ
- Balwinder Kaur Suicide Case : ਬਲਵਿੰਦਰ ਕੌਰ ਸੁਸਾਇਡ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਦਾ ਵੱਡਾ ਦਾਅਵਾ, ਸਰਕਾਰ ਦੇ ਟਾਊਟ ਕਰਾਂਗੇ ਨਸ਼ਰ...
- Political Reaction On Golden Temple Model Auction : ਹਰਿਮੰਦਰ ਸਾਹਿਬ ਦੇ ਮਾਡਲ ਦੀ ਨਿਲਾਮੀ 'ਤੇ ਸਿਆਸਤ, SAD ਪ੍ਰਧਾਨ ਦੀ ਪੋਸਟ 'ਤੇ ਮਨਜਿੰਦਰ ਸਿਰਸਾ ਦਾ ਵਾਰ, ਕਿਹਾ-ਵੋਟ ਬੈਂਕ ਲਈ ਧਾਰਮਿਕ ਆਸਥਾ ਦਾ ਹੋ ਰਿਹਾ ਸ਼ੋਸ਼ਣ
ਸਰਕਾਰ ਦੇਵੇ ਇਸ ਰੁਜ਼ਗਾਰ ਵੱਲ ਧਿਆਨ : ਉਨਾਂ ਕਿਹਾ ਕਿ ਹੁਣ ਪਿੰਡਾਂ ਵਿਚ ਮਿੱਟੀ ਦੇ ਬਰਤਨ ਬਣਾਉਣ ਵਾਲੀ ਢੁਕਵੀਂ ਮਿੱਟੀ ਵੀ ਨਹੀਂ ਮਿਲਦੀ ਅਤੇ ਹੁਣ ਪਾਥੀਆਂ ਦੀ ਵੀ ਵੱਡੀ ਘਾਟ ਹੈ, ਜਿਨਾਂ ਨਾਲ ਭਾਂਡਿਆਂ ਨੂੰ ਸਹੀ ਅੱਗ ਦਿਤੀ ਜਾਂਦੀ ਸੀ। ਉਨਾਂ ਕਿਹਾ ਕਿ ਮਸ਼ੀਨਾਂ ਨਾਲ ਤਿਆਰ ਦੀਵੇ ਪਿੰਡਾਂ ਵਿੱਚ ਵਿਕਦੇ ਹਨ ਪਰ ਇਹ ਟਿਕਾਊ ਨਹੀਂ ਹੁੰਦੇ ਅਤੇ ਇਨਾਂ ਵਿੱਚ ਮਿੱਟੀ ਦੀ ਥਾਂ ਕੋਈ ਹੋਰ ਧਾਤ ਵਰਤੀ ਜਾਂਦੀ ਹੈ। ਉਨਾਂ ਮੰਗ ਕੀਤੀ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਮਿੱਟੀ ਦੇ ਦੀਵੇ ਅਤੇ ਹੋਰ ਕਲਾ ਕ੍ਰਿਤਾਂ ਬਣਾਉਣ ਨਾਲ ਜੁੜੇ ਇਸ ਰੁਜ਼ਗਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ।